ਨਿੱਜੀ ਪੱਤਰ ਪ੍ਰੇਰਕ/ਖੇਤਰੀ ਪ੍ਰਤੀਨਿਧ
ਬਰਨਾਲਾ, 11 ਅਕਤੂਬਰ
ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੇ ਸੱਦੇ ’ਤੇ ਦੂਜੇ ਦਿਨ ਦੀ ਕਲਮਛੋੜ ਹੜਤਾਲ ’ਚ ਸ਼ਾਮਲ ਹੋਏ ਸਮੂਹ ਵਿਭਾਗਾਂ ਦੇ ਮਨਿਸਟੀਰੀਅਲ ਕਾਮਿਆਂ ਨੇ ਆਪਣੇ-ਆਪਣੇ ਦਫ਼ਤਰਾਂ ਦਾ ਕੰਮ ਬੰਦ ਕਰ ਕੇ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਸਰਕਾਰ ਦਾ ਪਿਟ ਸਿਆਪਾ ਕੀਤਾ। ਹੜਤਾਲ ’ਚ ਸ਼ਾਮਲ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਤਰਸੇਮ ਭੱਠਲ ਜ਼ਿਲ੍ਹਾ ਪ੍ਰਧਾਨ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਵਾਅਦੇ ਯਾਦ ਕਰਵਾਉਣ ਲਈ ਇਹ ਕਲਮਛੋੜ ਹੜਤਾਲ ਕਰਨੀ ਪੈ ਰਹੀ ਹੈ। ਰਵਿੰਦਰ ਸ਼ਰਮਾ ਜਰਨਲ ਸਕੱਤਰ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ ਯੂਨੀਅਨ ਬਰਨਾਲਾ, ਬੂਟਾ ਸਿੰਘ ਖੇਤੀਬਾੜੀ ਵਿਭਾਗ, ਗੁਰਵਿੰਦਰ ਸਿੰਘ, ਵਿੱਕੀ ਡਾਬਲਾ ਦਫ਼ਤਰ ਡਿਪਟੀ ਕਮਿਸ਼ਨਰ ਬਰਨਾਲਾ ਆਗੂ, ਮਨਜਿੰਦਰ ਸਿੰਘ ਔਲਖ, ਜਸਬੀਰ ਸਿੰਘ ਠੀਕਰੀਵਾਲ, ਅਕਾਸ਼ਦੀਪ, ਰਾਜੇਸ਼ ਵਰਮਾ ਆਬਕਾਰੀ ਵਿਭਾਗ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਵੱਲੋੋਂ ਚੋਣਾਂ ਦੌਰਾਨ ਕੀਤੇ ਹੱਕੀ ਅਤੇ ਜਾਇਜ਼ ਮੰਗਾਂ ਅਤੇ ਵਾਅਦਿਆਂ ਤੋੋਂ ਮੁੱਕਰ ਰਹੀ ਹੈ ਜਿਵੇਂ ਕਿ ਸਾਂਝੀਆਂ ਮੰਗਾਂ ਵਿੱਚ ਮੁਲਾਜਮਾਂ ਦੇ ਕੱਟੇ ਭੱਤੇ ਬਹਾਲ ਕਰਨਾ, ਕੇਂਦਰੀ ਪੈਟਰਨ ’ਤੇ ਡੀ.ਏ ਦੀਆਂ ਕਿਸ਼ਤਾਂ 10 ਪ੍ਰਤੀਸ਼ਤ ਜਾਰੀ ਕਰਨਾ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਕਰਨਾ, 6ਵੇਂ ਪੇ ਕਮਿਸ਼ਨ ਸੋਧ ਕੇ ਲਾਗੂ ਕਰਨਾ ਖਾਲੀ ਪੋਸਟਾਂ ’ਤੇ ਪੱਕੀ ਭਰਤੀ ਕੀਤੀ ਜਾਵੇ। ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੇ ਸੱਦੇ ’ਤੇ ਉਨ੍ਹਾਂ 16 ਅਕਤੂਬਰ ਤੱਕ ਕਲਮਛੋੜ ਹੜਤਾਲ ਕਰਨ ਦਾ ਐਲਾਨ ਕੀਤਾ ਹੈ।
ਬਠਿੰਡਾ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਵੱਲੋਂ ਮੰਗਾਂ ਦੇ ਹੱਕ ’ਚ ਕੀਤੀ ਜਾ ਰਹੀ ‘ਕੰਮ ਛੋੜੂ’ ਹੜਤਾਲ ਦਾ ਅੱਜ ਦੂਜਾ ਦਿਨ ਸੀ। ਕਰਮਚਾਰੀਆਂ ਦੀ ਇਸ ਕਵਾਇਦ ਨੇ ਸਰਕਾਰੀ ਦਫ਼ਤਰਾਂ ’ਚ ਕੰਮ ੱੱੱੱਕਰਾਉਣ ਪਹੁੰਚੇ ਲੋਕਾਂ ਨੂੰ ਪ੍ਰੇਸ਼ਾਨੀ ਦਿੱਤੀ। ਹੜਤਾਲ ਦੇ ਸੱਦੇ ਤਹਿਤ ਬਠਿੰਡਾ ’ਚ ਸੂਬਾ ਚੇਅਰਮੈਨ ਮੇਘ ਸਿੰਘ ਸਿੱਧੂ ਅਤੇ ਜ਼ਿਲ੍ਹਾ ਪ੍ਰਧਾਨ ਰਾਜਵੀਰ ਸਿੰਘ ਮਾਨ ਦੀ ਅਗਵਾਈ ਵਿੱਚ ਮੁਲਾਜ਼ਮਾਂ ਨੇ ਰੋਸ ਰੈਲੀ ਕਰਕੇ ਸਰਕਾਰ ਖ਼ਿਲਾਫ਼ ਰੋਸ ਜਤਾਇਆ।
ਦਫ਼ਤਰਾਂ ਦਾ ਕੰਮ ਕਰਵਾਉਣ ਆਏ ਲੋਕ ਹੋਏ ਪ੍ਰੇਸ਼ਾਨ
ਮਾਨਸਾ (ਪੱਤਰ ਪ੍ਰੇਰਕ): ਇਥੇ ਮਨਿਸਟੀਰੀਅਲ ਕਾਮਿਆਂ ਵੱਲੋਂ ਜ਼ਿਲ੍ਹੇ ਦੇ ਸਾਰੇ ਸਰਕਾਰੀ ਦਫਤਰਾਂ ਕੰਮ ਕਲਮ ਛੋੜ, ਕੰਪਿਊਟਰ ਮੁਕੰਮਲ ਤੌਰ ’ਤੇ ਬੰਦ ਰੱਖਿਆ ਗਿਆ। ਇਸ ਹੜਤਾਲ ਦੌਰਾਨ ਆਮ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਜਿਸ ਵਿੱਚ ਮੈਡੀਕਲ, ਜਨਮ ਅਤੇ ਮੌਤ ਸਰਟੀਫਿਕੇਟ, ਰਜਿਸਟਰੀਆਂ ਆਦਿ ਨਾ ਹੋਣ ਕਾਰਨ ਬੇਵੱਸ ਹੋਕੇ ਘਰਾਂ ਨੂੰ ਖਾਲੀ ਹੱਥ ਜਾਣਾ ਪਿਆ।ਜਥੇਬੰਦੀ ਵੱਲੋਂ ਇਥੇ ਜ਼ਿਲ੍ਹਾ ਖਜ਼ਾਨਾ ਦਫ਼ਤਰ ਅੱਗੇ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਪ੍ਰਤਾਪ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਹੱਲ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਵੱਲੋਂ ਮਨਿਸਟੀਰੀਅਲ ਮੁਲਾਜ਼ਮਾਂ ਨਾਲ ਚੋਣਾ ਦੌਰਾਨ ਕੀਤੇ ਵਾਅਦੇ ਤੋਂ ਮੁਕਰਦੇ ਹੋਏ ਵਾਅਦਾਖ਼ਿਲਾਫ਼ੀ ਕੀਤੀ ਜਾ ਰਹੀ ਹੈ, ਜਿਸ ਨੂੰ ਮੁਲਾਜ਼ਮ ਵਰਗ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਇਸ ਮੌਕੇ ਸੰਦੀਪ ਸਿੰਘ, ਰਾਜਪਾਲ ਸਿੰਘ, ਰਤਨ ਸਿੰਘ, ਰਵਨੀਸ਼ ਕੁਮਾਰ, ਕਮਲ ਸ਼ਰਮਾਂ, ਕਵਿਤਾ ਰਾਣੀ, ਸੁਖਵੀਰ ਕੌਰ, ਰਮੇਸ਼ ਕੌਰ, ਅਮਨਦੀਪ ਕੌਰ, ਪੂਜਾ ਸਿੰਗਲਾ, ਸਿਕੰਦਰ ਸਿੰਘ, ਰਵੀ ਕੁਮਾਰ ਨੇ ਵੀ ਸੰਬੋਧਨ ਕੀਤਾ।
ਹੜਤਾਲ ਕਾਰਨ ਦਫਤਰਾਂ ’ਚ ਸੁੰਨ ਪੱਸਰੀ
ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਡਿਪਟੀ ਕਮਿਸ਼ਨਰ ਦਫਤਰ ਨਾਲ ਸਬੰਧਤ ਮਨਿਸਟੀਰੀਅਲ ਕਾਮਿਆਂ ਵੱਲੋਂ ਕੀਤੀ ਤਿੰਨ ਰੋਜ਼ਾ ਹੜਤਾਲ ਦੇ ਦੂਜੇ ਦਿਨ ਵੀ ਦਫਤਰਾਂ ’ਚ ਕੰਮ ਬੰਦ ਰਿਹਾ ਜਿਸ ਕਰਕੇ ਲੋਕਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ| ਵਿਦੇਸ਼ ਜਾਣ ਲਈ ਲੋੜੀਂਦੇ ਆਮਦਨ ਸਰਟੀਫਿਕੇਟ, ਡਰਾਈਵਿੰਗ ਲਾਇਸੈਸ, ਜ਼ਮੀਨਾਂ ਦੀਆਂ ਰਜਿਸਟਰੀਆਂ ਅਤੇ ਸਰਟੀਫਿਕੇਟਾਂ ਵਰਗੇ ਹੋਰ ਅਹਿਮ ਕੰਮਾਂ ਵਾਸਤੇ ਲੋਕ ਦਫਤਰਾਂ ’ਚ ਆਉਂਦੇ ਹਨ ਤਾਂ ਅੱਗੋਂ ਉਨ੍ਹਾਂ ਨੂੰ ਕਲਰਕਾਂ ਦੀ ਹੜਤਾਲ ਕਰ ਕੇ ਖਾਲੀ ਹੱਥ ਪਰਤਣਾ ਪੈਂਦਾ ਹੈ| ਡਾਕਟਰ ਸੋਹਨਦੀਪ ਸਿੰਘ ਨੇ ਆਪਣੀ ਜ਼ਮੀਨ ਦਾ ਮੁਖਤਿਆਰਨਾਮਾ ਦੇ ਕੇ 14 ਅਕਤੂਬਰ ਨੂੰ ਕੈਨੇਡਾ ਜਾਣਾ ਹੈ ਪਰ ਹੜਤਾਲ ਹੋਣ ਕਰਕੇ ਉਹ ਮੁਖਤਿਆਰਨਾਮਾ ਨਹੀਂ ਦੇ ਸਕਿਆ ਜਿਸ ਕਰਕੇ ਹੁਣ ਉਹ ਦੁਬਾਰਾ ਕੈਨੇਡਾ ਤੋਂ ਵਾਪਸ ਆਵੇਗਾ। ਸਬ ਰਜਿਸਟਰਾਰ ਦਫਤਰ ਨਾਲ ਸੰਪਰਕ ਕੀਤੇ ਜਾਣ ’ਤੇ ਉਨ੍ਹਾਂ ਦੱਸਿਆ ਕਿ ਰਜਿਸਟਰੀ ਫੀਸਾਂ ਤੋਂ ਹੋਣ ਵਾਲੀ ਆਮਦਨ ਦਾ ਸਰਕਾਰ ਨੂੰ ਰੋਜ਼ਾਨਾ ਪੰਜ ਲੱਖ ਰੁਪਏ ਦਾ ਘਾਟਾ ਪੈ ਰਿਹਾ ਹੈ।