ਰਵਿੰਦਰ ਰਵੀ
ਬਰਨਾਲਾ, 8 ਅਗਸਤ
ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਆਊਟਸੋਰਸਿੰਗ ਵਿਧੀ ਰਾਹੀਂ ਭਰਤੀ 24 ਕਲਰਕ ਅਤੇ 12 ਦਰਜਾ ਚਾਰ ਕਰਮਚਾਰੀਆਂ ਵੱਲੋਂ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਮੀਤ ਪ੍ਰਧਾਨ ਰੇਸ਼ਮ ਸਿੰਘ ਨਿਰਮਲਜੀਤ ਸਿੰਘ ਜਨਰਲ ਸਕੱਤਰ ਅਤੇ ਸੂਬਾ ਪ੍ਰਧਾਨ ਆਊਟਸੋਰਸਿੰਗ ਕਰਮਚਾਰੀ ਯੂਨੀਅਨ ਰਮਨਪ੍ਰੀਤ ਕੌਰ ਨੇ ਕਿਹਾ ਕਿ ਪਿਛਲੇ 12 ਸਾਲ ਤੋਂ ਮੁਲਾਜ਼ਮ ਇਸੇ ਆਸ ’ਚ ਨੌਕਰੀ ਕਰ ਰਹੇ ਹਨ ਕਿ ਸਾਡੇ ਕੰਮ ਅਤੇ ਇਮਾਨਦਾਰੀ ਨੂੰ ਦੇਖਦੇ ਹੋਏ ਪੱਕੇ ਕਰ ਦੇਵੇਗੀ। ਸਰਕਾਰ ਬਨਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ ’ਤੇ ਹਰ ਕੱਚੇ ਮੁਲਾਜ਼ਮ ਨੂੰ ਪੱਕਾ ਕਰ ਦਿੱਤਾ ਜਾਵੇਗਾ ਪਰ ਹੁਣ ਇਨਾਂ ਮੁਲਾਜ਼ਮਾਂ ਨੂੰ ਘਰ ਤੋਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਤਹਿਤ ਅੱਜ ਲਗਾਤਾਰ ਪੰਜਵੇਂ ਦਿਨ ਡਿਪਟੀ ਕਮਿਸ਼ਨਰ ਦਫ਼ਤਰ ਨਾਲ ਸਬੰਧਤ ਸਾਰੇ ਵਿਭਾਗਾਂ ’ਚ ਕੰਮ ਠੱਪ ਕਰ ਕੇ ਧਰਨਾ ਦਿੱਤਾ ਗਿਆ। ਡਿਪਟੀ ਕਮਿਸ਼ਨਰ ਵੱਲੋਂ ਸਕੱਤਰ ਪੰਜਾਬ ਸਰਕਾਰ ਨੂੰ ਭੇਜੇ ਗਏ ਪੱਤਰ ਦਾ ਵਿਰੋਧ ਕਰਦੇ ਹੋਏ ਗੇਟ ਰੈਲੀ ਕਰ ਕੇ ਇਸ ਪੱਤਰ ਦੀਆਂ ਕਾਪੀਆਂ ਸਾੜੀਆਂ ਗਈਆਂ। ਧਰਨੇ ਦੌਰਾਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਓਐੱਸਡੀ ਹਸਨਪ੍ਰੀਤ ਨੂੰ ਆਊਟਸੋਰਸ ਕਰਮਚਾਰੀਆਂ ਦਾ ਰੁਜ਼ਗਾਰ ਬਚਾਉਣ ਸਬੰਧੀ ਮੰਗ ਪੱਤਰ ਦਿੱਤਾ ਗਿਆ। ਭਲਕੇ ਰੋਸ ਵਜੋਂ ਡਿਪਟੀ ਕਮਿਸ਼ਨਰ ਬਰਨਾਲਾ ਦਾ ਪੁਤਲਾ ਫੂਕਿਆ ਜਾਵੇਗਾ। ਧਰਨੇ ਨੂੰ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਨੰਗਲ, ਵਿੱਕੀ ਡਾਬਲਾ ਜ਼ਿਲ੍ਹਾ ਖਜ਼ਾਨਚੀ, ਅਮਨਦੀਪ ਸਿੰਘ ਜ਼ਿਲ੍ਹਾ ਪ੍ਰੈੱਸ ਸਕੱਤਰ, ਗੌਰਵ ਸ਼ਰਮਾ, ਰਾਜੀਵ ਕੁਮਾਰ, ਨਨਪਾਲ ਅਤੇ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕੀਤਾ।