ਪੱਤਰ ਪ੍ਰੇਰਕ
ਮਾਨਸਾ, 19 ਅਕਤੂਬਰ
ਮਨਿਸਟਰੀਅਲ ਕਾਮਿਆਂ ਵੱਲੋਂ ਸਰਕਾਰੀ ਦਫ਼ਤਰਾਂ ਦਾ ਕੰਮ ਪੂਰਨ ਤੌਰ ’ਤੇ ਠੱਪ ਕਰਦੇ ਹੋਏ ਅੱਜ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਇਸ ਦੌਰਾਨ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਮੌਜ਼ੋ ਨੇ ਕਿਹਾ ਕਿ ਸਰਕਾਰ ਮੁਲਾਜ਼ਮਾਂ ਨਾਲ ਚੋਣਾਂ ਦੌਰਾਨ ਕੀਤੇ ਵਾਅਦੇ ਪੁਰਾਣੀ ਪੈਨਸ਼ਨ ਦੀ ਬਹਾਲੀ ਤੋਂ ਮੁਨਕਰ ਹੋ ਰਹੀ ਹੈ ਅਤੇ ਮੁਲਾਜ਼ਮਾਂ ਦੀਆਂ ਹੋਰ ਮੁੱਖ ਮੰਗਾਂ ਪ੍ਰਤੀ ਵੀ ਸੁਹਿਰਦ ਨਹੀਂ ਹੈ।ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਦਫ਼ਤਰੀ ਬਾਬੂਆਂ ਦੀ ਚੱਲ ਰਹੀ ਹੜਤਾਲ ਹੁਣ 26 ਅਕਤੂਬਰ ਤੱਕ ਵਧਾਈ ਗਈ ਹੈ। ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਤਾਪ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਹੁਣ ਜਥੇਬੰਦੀ ਦੀ ਸੂਬਾਈ ਟੀਮ ਵੱਲੋਂ ਹੜਤਾਲ ਅੱਗ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਸਰਕਾਰ ਤੋਂ ਮੰਗਾਂ ਮੰਨਵਾਉਣ ਲਈ ਹੋਰ ਦਬਾਅ ਪਾਇਆ ਜਾ ਸਕੇ। ਇਸ ਦੌਰਾਨ ਭਰਾਤਰੀ ਜਥੇਬੰਦੀਆਂ ਦੇ ਆਗੂ ਸੀਟੂ ਦੇ ਸੂਬਾ ਸਕੱਤਰ ਐਡਵੋਕੇਟ ਕੁਲਵਿੰਦਰ ਸਿੰਘ ਤੋਂ ਇਲਾਵਾ ਸੁਖਵੀਰ ਕੌਰ, ਪਰਮਿੰਦਰ ਕੌਰ, ਯਾਦਵਿੰਦਰ ਸਿੰਘ, ਆਤਮਾ ਸਿੰਘ, ਪਰਮਜੀਤ ਕੌਰ ਤੇ ਮਨਪ੍ਰੀਤ ਕੌਰ ਨੇ ਵੀ ਸੰਬੋਧਨ ਕੀਤਾ।