ਜੋਗਿੰਦਰ ਸਿੰਘ ਮਾਨ
ਮਾਨਸਾ, 11 ਜੁਲਾਈ
ਮਾਲਵਾ ਖੇਤਰ ਵਿੱਚ ਨਰਮੇ ਉਤੇ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਕਪਾਹ ਪੱਟੀ ਦੇ ਅੱਠ ਜ਼ਿਲ੍ਹਿਆਂ ਵਿੱਚ ਭਲਕੇ 12 ਜੁਲਾਈ ਤੋਂ ਵਿਸ਼ੇਸ ਟੀਮਾਂ ਭੇਜਣ ਦਾ ਫੈਸਲਾ ਕੀਤਾ ਗਿਆ। ਇਨ੍ਹਾਂ ਜ਼ਿਲ੍ਹਿਆਂ ਵਿੱਚ ਮਾਨਸਾ ਤੋਂ ਇਲਾਵਾ ਬਠਿੰਡਾ, ਮੁਕਤਸਰ, ਫਰੀਦਕੋਟ, ਮੋਗਾ, ਫਾਜ਼ਿਲਕਾ, ਸੰਗਰੂਰ, ਬਰਨਾਲਾ ਜ਼ਿਲ੍ਹੇ ਸ਼ਾਮਲ ਹਨ। ਇਨ੍ਹਾਂ ਜ਼ਿਲ੍ਹਿਆਂ ਵਿੱਚ ਭਲਕੇ ਖੇਤੀ ਵਿਭਾਗ ਦੇ ਅਧਿਕਾਰੀ ਗੁਲਾਬੀ ਸੁੰਡੀ ਤੋਂ ਪ੍ਰਭਾਵਤ ਖੇਤਾਂ ਦਾ ਦੌਰਾ ਕਰਨਗੇ। ਮਹਿਕਮੇ ਦੀਆਂ ਟੀਮਾਂ ਗੁਲਾਬੀ ਸੁੰਡੀ ਦੇ ਨਾਲ-ਨਾਲ ਨਰਮੇ ਦੀ ਫ਼ਸਲ ਉਤੇ ਚਿੱਟੀ ਮੱਖੀ ਅਤੇ ਮਿਲੀਬੱਗ ਦੇ ਹਮਲੇ ਨੂੰ ਵੀ ਗੰਭੀਰਤਾ ਨਾਲ ਲੈਕੇ ਇਸਦਾ ਮੁਆਇਨਾ ਕਰੇਗੀ। ਜ਼ਿਕਰਯੋਗ ਹੈ ਕਿ ਗੁਲਾਬੀ ਸੁੰਡੀ ਨੇ ਪਿਛਲੇ ਸਾਲ ਕਪਾਹ ਪੱਟੀ ਵਿੱਚ ਨਰਮੇ ਦੀ ਫ਼ਸਲ ਨੂੰ ਵੱਡੀ ਪੱਧਰ ’ਤੇ ਤਬਾਹ ਕਰ ਦਿੱਤਾ ਸੀ, ਜਿਸ ਲਈ ਕਿਸਾਨ ਜਥੇਬੰਦੀਆਂ ਵੱਲੋਂ ਅੰਦੋਲਨਾਂ ਦੇ ਆਸਰੇ ਹਕੂਮਤ ਨਾਲ ਲੜ ਕੇ ਮੁਆਵਜ਼ਾ ਹਾਸਲ ਕੀਤਾ ਸੀ। ਮਾਲਵਾ ਖੇਤਰ ਵਿੱਚ ਲੱਕ-ਲੱਕ ਹੋਏ ਨਰਮੇ ਨੂੰ, ਜਦੋਂ ਕਿਸਾਨ ਅੱਕ-ਥੱਕ ਕੇ ਵਾਹੁਣ ਲੱਗੇ ਤਾਂ ਇਸ ਦੀਆਂ ਰਿਪੋਰਟਾਂ ਖੇਤੀਬਾੜੀ ਵਿਭਾਗ ਰਾਹੀਂ ਅਤੇ ਖੂਫ਼ੀਆਂ ਏਜੰਸੀਆਂ ਰਾਹੀਂ ਜਦੋਂ ਪੰਜਾਬ ਸਰਕਾਰ ਕੋਲ ਪੁੱਜੀਆਂ ਤਾਂ ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਵਿਸ਼ੇਸ ਟੀਮਾਂ ਨੂੰ ਖੇਤਾਂ ਵਿੱਚ ਭੇਜਣ ਦਾ ਤੁਰੰਤ ਫੈਸਲਾ ਕੀਤਾ ਗਿਆ। ਮਾਨਸਾ ਦੇ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਮਾਲਵਾ ਖੇਤਰ ਵਿੱਚ ਭਲਕੇ ਖੇਤੀ ਵਿਭਾਗ ਦੀਆਂ ਉਚ ਪੱਧਰੀ ਟੀਮਾਂ ਨਰਮੇ ਦੀ ਫ਼ਸਲ ਦਾ ਜਾਇਜ਼ਾ ਲੈਣ ਵਾਸਤੇ ਪੁੱਜ ਰਹੀਆਂ ਹਨ। ਇਸੇ ਦੌਰਾਨ ਖੇਤੀਬਾੜੀ ਅਧਿਕਾਰੀ ਡਾ. ਮਨੋਜ ਕੁਮਾਰ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਵਿੱਚ 50 ਏਕੜ ਤੋਂ ਵੱਧ ਕਿਸਾਨਾਂ ਵੱਲੋਂ ਪਿੰਡ ਭਲਾਈਕੇ, ਮਾਨਬੀਬੜੀਆਂ, ਝੇਰਿਆਂਵਾਲੀ, ਮੀਰਪੁਰ ਖੁਰਦ, ਆਲੀਕੇ, ਕੋਟਲੀ ਅਤੇ ਕੁੱਝ ਹੋਰ ਪਿੰਡਾਂ ਵਿੱਚ ਨਰਮੇ ਦੀ ਫ਼ਸਲ ਨੂੰ ਵਾਹਿਆ ਗਿਆ ਹੈ।