ਜੋਗਿੰਦਰ ਸਿੰਘ ਮਾਨ/ਜੀਵਨ ਕ੍ਰਾਂਤੀ
ਮਾਨਸਾ/ਝੁਨੀਰ, 4 ਜੁਲਾਈ
ਮਾਲਵਾ ਖੇਤਰ ਵਿੱਚ ਨਰਮੇ ’ਤੇ ਗੁਲਾਬੀ ਸੁੰਡੀ ਦਾ ਹਮਲਾ ਕਾਬੂ ਤੋਂ ਬਾਹਰ ਹੁੰਦਾ ਜਾ ਰਿਹਾ ਹੈ ਤੇ ਸੁੰਡੀ ਦੇ ਹਮਲੇ ਤੋਂ ਨਿਰਾਸ਼ ਹੋਏ ਕਿਸਾਨ ਆਪਣੀਆਂ ਫਸਲਾਂ ਵਾਹੁਣ ਲਈ ਮਜਬੂਰ ਹੋ ਰਹੇ ਹਨ। ਮਾਨਸਾ ਨੇੜਲੇ ਪਿੰਡ ਭਲਾਈਕੇ ਵਿੱਚ ਅੱਜ ਚਾਰ ਕਿਸਾਨਾਂ ਨੇ ਆਪਣੀ 10 ਏਕੜ ਨਰਮੇ ਦੀ ਫ਼ਸਲ ਵਾਹ ਦਿੱਤੀ। ਇਸੇ ਪਿੰਡ ਵਿੱਚ ਕੁੱਝ ਦਿਨ ਪਹਿਲਾਂ ਵੀ ਕੁਝ ਕਿਸਾਨਾਂ ਨੇ ਸੁੰਡੀ ਦੀ ਮਾਰ ਹੇਠ ਆਈ ਆਪਣੀ ਫਸਲ ਵਾਹ ਦਿੱਤੀ ਸੀ, ਜਿਸ ਮਗਰੋਂ ਖੇਤੀਬਾੜੀ ਵਿਭਾਗ ਦੇ ਉੱਚ ਅਧਿਕਾਰੀ ਅਤੇ ਖੇਤੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਨੇ ਫ਼ਸਲ ਨੂੰ ਬਚਾਉਣ ਦਾ ਭਰੋਸਾ ਦਿੱਤਾ ਸੀ, ਪਰ ਬਾਕੀ ਰਹਿੰਦੀ ਫਸਲ ਨੂੰ ਬਚਾਇਆ ਨਹੀਂ ਜਾ ਸਕਿਆ।
ਪਿੰਡ ਭਲਾਈਕੇ ਦੇ ਕਿਸਾਨਾਂ ਸੁਖਜਿੰਦਰ ਸਿੰਘ, ਜਸਕਰਨ ਸਿੰਘ, ਗੁਰਦੀਪ ਸਿੰਘ ਤੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਮਹਿੰਗੇ ਭਾਅ ’ਤੇ ਨਰਮੇ ਦਾ ਬੀਜ ਖਰੀਦਿਆ ਸੀ ਅਤੇ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਅਨੁਸਾਰ ਹੀ ਹੁਣ ਤੱਕ ਫਸਲ ਦੀ ਬਿਜਾਈ ਤੇ ਸੰਭਾਲ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਖੇਤੀ ਵਿਗਿਆਨੀਆਂ ਨੇ ਦਾਅਵਾ ਕੀਤਾ ਸੀ ਕਿ ਇਸ ਸਾਲ ਉਹ ਕਿਸੇ ਦੀ ਵੀ ਫਸਲ ’ਤੇ ਸੁੰਡੀ ਦੀ ਮਾਰ ਨਹੀਂ ਪੈਣ ਦੇਣਗੇ, ਪਰ ਇਸ ਸਾਲ ਮੁੜ ਫਸਲਾਂ ਨੂੰ ਸੁੰਡੀ ਦੀ ਮਾਰ ਝੱਲਣੀ ਪੈ ਰਹੀ ਹੈ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਅਕਲੀਆ ਅਤੇ ਜ਼ਿਲ੍ਹਾ ਜਨਰਲ ਸਕੱਤਰ ਮੱਖਣ ਸਿੰਘ ਭੈਣੀਬਾਘਾ ਨੇ ਕਿਹਾ ਕਿ ਕਿਸਾਨਾਂ ਨੇ ਬੜੀ ਮਿਹਨਤ ਨਾਲ ਨਰਮੇ ਦੀ ਫ਼ਸਲ ਬੀਜੀ ਸੀ, ਪਰ ਗੁਲਾਬੀ ਸੁੰਡੀ ਨੇ ਮੁੜ ਉਨ੍ਹਾਂ ਦੇ ਹੌਸਲੇ ਪਸਤ ਕਰ ਦਿੱਤੇ ਹਨ। ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਗੁਲਾਬੀ ਸੁੰਡੀ ਦੀ ਰੋਕਥਾਮ ਕੀਤੀ ਜਾਵੇ ਤੇ ਕਿਸਾਨਾਂ ਨੂੰ ਪ੍ਰਤੀ ਏਕੜ ਸੱਠ ਹਜ਼ਾਰ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ।