ਇਕਬਾਲ ਸਿੰਘ ਸ਼ਾਂਤ
ਲੰਬੀ, 19 ਅਕਤੂਬਰ
ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਮੁਕਤਸਰ ਤੇ ਬਠਿੰਡਾ ਜ਼ਿਲਿਆਂ ਦੇ ਪਿੰਡਾਂ ਵਿੱਚ ਕੀਤੀ ਠੋਸ ਪੜਤਾਲ ਆਪ ਸਰਕਾਰ ਦੇ ਪਹਿਲੇ ਵਰ੍ਹੇ ’ਚ ਗੁਲਾਬੀ ਸੁੰਡੀ ਖ਼ਰਾਬੇ ਦੇ ਮੁਆਵਜ਼ੇ ਦੇ ਲੰਮੇ ਚੌੜੇ ਦਾਅਵਿਆਂ ਦੀ ਪੋਲ ਖੋਲ੍ਹ ਰਹੀ ਹੈ। ਪੜਤਾਲ ਦੇ ਤਥ ਦੱਸਦੇ ਹਨ ਕਿ ਸੂਬਾ ਸਰਕਾਰ ਨੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ ਗ਼ਲਤ ਗਿਰਦਾਵਰੀ ਕਰਵਾਉਣ ਰਾਹੀਂ ਵੱਡੇ ਹਿੱਸੇ ਨੂੰ ਮੁਆਵਜ਼ਾ ਸੂਚੀ ‘ਚੋਂ ਬਾਹਰ ਰੱਖਣ ਦੀ ਹਕੀਕਤ ਨੂੰ ਸਵੀਕਾਰ ਕਰਦਿਆਂ 5 ਅਪਰੈਲ 2021 ਨੂੰ ਮਜ਼ਦੂਰਾਂ-ਕਿਸਾਨਾਂ ਲਈ ਮੁਆਵਜ਼ਾ ਰਾਸ਼ੀ 5 ਕਰੋੜ ਰੁਪਏ ਤੋਂ ਵਧਾ ਕੇ 55 ਕਰੋੜ ਕਰਨ ਅਤੇ ਕੁਝ ਹਫ਼ਤਿਆਂ ’ਚ ਇਸ ਦੀ ਵੰਡ ਦਾ ਵਾਅਦਾ ਕੀਤਾ ਸੀ ਪਰ ਜ਼ਿਲ੍ਹੇ ਲਈ ਸਿਰਫ਼ 42 ਕਰੋੜ ਰੁਪਏ ਹੀ ਭੇਜੇ ਗਏ, ਉਹ ਵੀ ਛੇ ਮਹੀਨੇ ਬੀਤਣ ਦੇ ਬਾਵਜੂਦ ਅਜੇ ਤੱਕ ਵੰਡੇ ਹੀ ਨਹੀਂ ਗਏ ਜਿਨ੍ਹਾਂ ਵਿਚੋਂ 5 ਕਰੋੜ ਰੁਪਏ ਖੇਤ ਮਜ਼ਦੂਰਾਂ ਲਈ ਰੱਖੇ ਗਏ ਸਨ। ਪੜਤਾਲ ਮੁਤਾਬਿਕ ਮੁਆਵਜ਼ਾ ਸੂਚੀ ਵਿੱਚ ਸ਼ਾਮਿਲ ਕਾਫੀ ਕਿਸਾਨ ਸਰਕਾਰੀ ਕਲਮ ਨਾਲ ਪਲਾਂ ਵਿੱਚ ਬੇਹੱਕੇ ਬਣਾ ਦਿੱਤੇ ਗਏ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ ਤੇ ਹੋਰਨਾਂ ਆਗੂਆਂ ਨੇ ਦੱਸਿਆ ਕਿ ਮਜ਼ਦੂਰਾਂ ਕਿਸਾਨਾਂ ਦੇ ਲੰਮੇਂ ਤੇ ਸਿਰੜੀ ਸੰਘਰਸ਼ ਤੋਂ ਬਾਅਦ ਕੁੱਝ ਮਜ਼ਦੂਰਾਂ ਦੇ ਖਾਤਿਆਂ ’ਚ ਮੁਆਵਜ਼ਾ ਰਾਸ਼ੀ ਪੈਣੀ ਸ਼ੁਰੂ ਹੋ ਗਈ ਹੈ। ਜ਼ਮੀਨੀ ਤਥ ਹਨ ਕਿ ਮੁੱਖ ਮੰਤਰੀ ਪੱਧਰ ਦੇ ਸਰਕਾਰੀ ਐਲਾਨ ਦੇ ਬਾਵਜੂਦ ਲੰਬੀ ਬਲਾਕ ਦੇ ਪਿੰਡ ਵੜਿੰਗ ਖੇੜਾ, ਪਿੰਡ ਸਿੰਘੇਵਾਲਾ, ਪਿੰਡ ਬਾਦਲ, ਸਮੇਤ ਬਲਾਕ ਦੀਆਂ ਹਜ਼ਾਰਾਂ ਮਜ਼ਦੂਰ ਔਰਤਾਂ ਨੂੰ ਅਜੇ ਤੱਕ ਮੁਆਵਜ਼ੇ ਦੀ ਫੁੱਟੀ ਕੌਡੀ ਵੀ ਨਸੀਬ ਨਹੀਂ ਹੋਈ। ਬਲਾਕ ਮੁਕਤਸਰ ਦੇ ਪਿੰਡ ਖੁੰਡੇ ਹਲਾਲ, ਭਾਗਸਰ, ਗੰਧੜ, ਮਹਾਂਬੱਧਰ ਲੱਖੇਵਾਲੀ, ਮੱਦਰੱਸਾ, ਚੱਕ ਮੱਦਰੱਸਾ ਲੱਖੇਵਾਲੀ ਬਲਾਕ ਗਿੱਦੜਬਾਹਾ ਦੇ ਪਿੰਡ ਖਿੜਕੀਆਂਵਾਲਾ, ਦੋਦਾ, ਮੱਲਣ ਅਤੇ ਮਲੋਟ ਬਲਾਕ ਦੇ ਪਿੰਡ ਰਾਮ ਨਗਰ, ਤਾਮਤਕੋਟ, ਦਬੜਾ ਤੇ ਔਲਖ ਸਮੇਤ ਵੱਡੀ ਗਿਣਤੀ ਪਿੰਡਾਂ ਦੇ ਮਜ਼ਦੂਰਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ।
ਬਠਿੰਡਾ ਜ਼ਿਲ੍ਹੇ ’ਚ ਪਿੰਡ ਮਾਈਸਰਖਾਨਾ, ਦੀਆਂ ਮਜ਼ਦੂਰ ਔਰਤਾਂ ਸੁਖਜੀਤ ਕੌਰ, ਗੁਰਜੀਤ ਕੌਰ ਤੇ ਅਮਰਜੀਤ ਕੌਰ ਸਮੇਤ ਇਸੇ ਪਿੰਡ ਦੀਆਂ ਸੈਂਕੜੇ ਔਰਤਾਂ ਮੁਆਵਜ਼ੇ ਨੂੰ ਉਡੀਕ ਰਹੀਆਂ ਹਨ। ਜ਼ਿਲ੍ਹਾ ਬਠਿੰਡਾ ਦੇ ਪਿੰਡ ਕੋਟੜਾ ਕੌੜਿਆਂਵਾਲਾ ਤੇ ਚਨਾਰਥਲ ਖ਼ਾਨਾ ਸਮੇਤ ਦਰਜਨਾਂ ਪਿੰਡਾਂ ਦੀਆਂ ਮਜ਼ਦੂਰ ਔਰਤਾਂ ਨੂੰ ਵੀ ਧੇਲਾ ਨਹੀਂ ਮਿਲਿਆ। ਲੰਬੀ ਦੇ ਪਿੰਡ ਸਿੱਖਵਾਲਾ ਦੇ 183 ਕਿਸਾਨ ਦੇ ਲਿਸਟ ਵਿੱਚ ਨਾਮ ਹੋਣ ਦੇ ਬਾਵਜੂਦ ਮੁਆਵਜ਼ਾ ਨਹੀਂ ਮਿਲਿਆ ਜਦੋਂ ਕਿ 52 ਕਿਸਾਨਾਂ ਨੂੰ ਤਾਂ ਮੁਆਵਜ਼ਾ ਸੂਚੀ ’ਚੋਂ ਹੀ ਬਾਹਰ ਕਰ ਦਿੱਤਾ ਗਿਆ।
ਕੀ ਕਹਿੰਦੇ ਨੇ ਡਿਪਟੀ ਕਮਿਸ਼ਨਰ਼
ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਕਿਹਾ ਕਿ ਸਰਕਾਰ ਨੇ ਗੁਲਾਬੀ ਸੁੰਡੀ ਬਾਰੇ ਆਏ 42.8 ਕਰੋੜ ਰੁਪਏ ਆਏ ਸਨ ਜਿਨ੍ਹਾਂ ’ਚੋਂ ਕਿਸਾਨਾਂ ਲਈ 38 ਕਰੋੜ ਅਤੇ ਖੇਤ ਮਜ਼ਦੂਰਾਂ ਦਾ ਕਰੀਬ 4 ਕਰੋੜ ਆਇਆ ਸੀ। ਮਜ਼ਦੂਰਾਂ ਦਾ ਲਗਪਗ ਮੁਆਵਜ਼ਾ ਖਾਤਿਆਂ ’ਚ ਪੈ ਚੁੱਕਿਆ ਹੈ। ਜਦਕਿ ਕਿਸਾਨਾਂ ਦਾ ਕਰੀਬ 35 ਕਰੋੜ ਰੁਪਏ ਮੁਆਵਜ਼ਾ ਵੰਡਿਆ ਜਾ ਚੁੱਕਿਆ ਹੈ। ਬਕਾਇਆ ਦੋ-ਤਿੰਨ ਕਰੋੜ ਮੁਆਵਜ਼ੇ ਲਈ ਕਿਸਾਨਾਂ ਦੇ ਖਾਤੇ ਮੰਗੇ ਹੋਏ ਹਨ।