ਕੁਲਦੀਪ ਸੂਦ
ਹੰਢਿਆਇਆ, 10 ਨਵੰਬਰ
ਇਥੇ ਚੰਡੀਗੜ੍ਹ-ਬਠਿੰਡਾ ਕੌਮੀ ਮਾਰਗ ’ਤੇ ਖੜ੍ਹੇ ਟਰਾਲੇ ਪਿੱਛੇ ਪਿੱਕਅੱਪ ਗੱਡੀ ਵੱਜਣ ਕਾਰਨ ਪਿੱਕਅੱਪ ਦੇ ਡਰਾਈਵਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸਹਾਇਕ ਥਾਣੇਦਾਰ ਜਗਸੀਰ ਸਿੰਘ ਤੇ ਹੌਲਦਾਰ ਮਨਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੌਮੀ ਮਾਰਗ ਨੰਬਰ 7 ਓਵਰਬ੍ਰਿੱਜ ਹੰਡਿਆਇਆ ’ਤੇ ਟਰਾਲਾ (ਪੀ.ਬੀ. 11 ਸੀ.ਪੀ.-4300) ਟਾਇਰ ਪੈਂਚਰ ਹੋਣ ਕਾਰਨ ਖੜ੍ਹਾ ਸੀ। ਟਰਾਲਾ ਬਠਿੰਡਾ ਸਾਈਡ ਨੂੰ ਜਾ ਰਿਹਾ ਸੀ ਤਾਂ ਪਿੱਕਅੱਪ ਗੱਡੀ (ਪੀ.ਬੀ. 10 ਐਚ.ਕਿਊ. 7206) ਲੁਧਿਆਣਾ ਤੋਂ ਬਠਿੰਡਾ ਨੂੰ ਜਾ ਰਹੀ ਸੀ ਜੋ ਕਿ ਖੜ੍ਹੇ ਟਰਾਲੇ ਵਿੱਚ ਪਿੱਛੇ ਜਾ ਵੱਜੀ। ਪਿੱਕਅੱਪ ਨੂੰ ਡਰਾਈਵਰ ਗੁਫਰਾਨ ਅੰਸਾਰੀ ਪੁੱਤਰ ਇਸਲਾਮੁ ਅੰਸਾਰੀ ਵਾਸੀ ਮੇਹਰਬਾਨ ਚੁੰਗੀ ਲੁਧਿਆਣਾ ਚਲਾ ਰਿਹਾ ਸੀ। ਹਾਦਸੇ ਕਾਰਨ ਉਸ ਦੀ ਛਾਤੀ ਵਿੱਚ ਖੜ੍ਹੇ ਟਰਾਲੇ ਵਾਲੇ ਲੋਹੇ ਦੇ ਸਰੀਏ ਵੱਜਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਟਰਾਲੇ ਦੇ ਅਣਪਛਾਤੇ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ।