ਹਰਦੀਪ ਸਿੰਘ ਜਟਾਣਾ
ਮਾਨਸਾ, 14 ਜੁਲਾਈ
ਕਰੋਨਾ ਨੇ ਛੋਟੇ ਕਾਰੋਬਾਰੀਆਂ ਨੂੰ ਵੱਡੀ ਸੱਟ ਮਾਰਦਿਆਂ ਅਰਸ਼ ਤੋਂ ਫਰਸ਼ `ਤੇ ਸੁੱਟ ਦਿੱਤਾ ਹੈ। ਜਿਹੜੇ ਲੋਕ ਦੋ ਤਿੰਨ ਮਹੀਨੇ ਪਹਿਲਾਂ ਆਪੋ ਆਪਣੇ ਅੱਡਿਆਂ ’ਤੇ ਬੈਠ ਕੇ ਪੂਰੇ ਠਾਠ ਨਾਲ ਆਪੋ ਆਪਣੇ ਧੰਦੇ ਕਰਦੇ ਸਨ ਹੁਣ ਉਨ੍ਹਾਂ ਨੂੰ ਦੋ ਵਕਤ ਦੀ ਰੋਟੀ ਲਈ ਦਰ ਦਰ ਭਟਕਣਾ ਪੈ ਰਿਹਾ ਹੈ। ਪੰਜਾਬ ਸਰਕਾਰ ਦੇ ਘਰ ਘਰ ਰੁਜ਼ਗਾਰ ਦੇ ਬਿੱਲਕੁੱਲ ਉਲਟ ਘਰ ਘਰ ਬੇਰੁਜ਼ਗਾਰ ਦੀ ਨੌਬਤ ਆ ਗਈ ਹੈ। ਇਸ ਨੂੰ ਕੁਦਰਤੀ ਕਰੋਪੀ ਕਹੋ ਜਾਂ ਬੰਦੇ ਵੱਲੋਂ ਖੁਦ ਸੱਦੀ ਬਲਾ ਪਰ ਇਸ ਨੇ ਚਾਹ ਵੇਚਣ ਵਾਲਿਆਂ ਅਤੇ ਜੁੱਤੀਆਂ ਬਣਾਉਣ ਵਾਲਿਆਂ ਨੂੰ ਮਜ਼ਦੂਰੀ ਕਰਨ ਲਾ ਦਿੱਤਾ ਹੈ। ਮਾਨਸਾ ਸਮੇਤ ਸਰਦੂਲਗੜ੍ਹ ਦੇ ਵੱਡੀ ਗਿਣਤੀ ਇਸ ਤਰ੍ਹਾਂ ਦੇ ਕਾਰੋਬਾਰੀ ਆਪੋ ਆਪਣੀਆਂ ਦੁਕਾਨਾਂ ਨੂੰ ਜੰਦਰੇ ਮਾਰ ਰਾਜ ਮਿਸਤਰੀਆਂ ਨਾਲ ਉਸਾਰੀ ਦੇ ਕੰਮ ਕਰਵਾ ਰਹੇ ਹਨ । ਮਾਨਸਾ ਦਾ ਮਸ਼ਹੂਰ ਫੋਟੋਗ੍ਰਾਫਰ ਕੁਲਵੰਤ ਬੰਗੜ ਸਮੋਸੇ ਵੇਚ ਕੇ ਪਰਿਵਾਰ ਪਾਲ ਰਿਹਾ ਹੈ। ਕਚਹਿਰੀ ਰੋਡ ’ਤੇ ਸਿੱਧੂ ਕੈਟਰਿੰਗ ਦਾ ਕੰਮ ਕਰਨ ਵਾਲੇ ਨੇ ਖੇਡਾਂ ਦੇ ਸਮਾਨ ਦਾ ਸਮਾਨ ਰੱਖ ਲਿਆ ਹੈ। ਮਾਨਸਾ ਕਚਹਿਰੀਆਂ ਅੱਗੇ ਕੰਪਿਉੂਟਰ ਸ਼ਾਪ ਕਰਕੇ ਆਨ ਲਾਈਨ ਫਾਰਮ ਭਰਨ ਵਾਲੇ ਇੱਕ ਨੌਜਵਾਨ ਰੁਪਿੰਦਰ ਗਰਗ ਨੇ ਕੰਮ ਘਟਣ ਕਰਕੇ ਫਲ ਵੇਚਣ ਦਾ ਕੰਮ ਕਰ ਲਿਆ ਹੈ। ਲੰਬੇ ਸਮੇਂ ਤੋਂ ਸਰਦੂਲਗੜ੍ਹ ਬੱਸ ਸਟੈਂਡ `ਚ ਢਾਬੇ ਚਲਾਉਣ ਵਾਲੇ ਨੇਪਾਲੀ ਨੇ ਛੋਟਾ ਹਾਥੀ ਲੈ ਕੇ ਪਿੰਡਾਂ ’ਚ ਫੇਰੀ ਪਾਉਣੀ ਸ਼ੁਰੂ ਕੀਤੀ ਹੋਈ ਹੈ। ਵਿਸ਼ਵਦੀਪ ਬਰਾੜ ਅਤੇ ਕੇਵਲ ਸਿੰਘ ਨੇ ਕਿਹਾ ਕਿ ਰੁਜ਼ਗਾਰ ਖੁੱਸਣ ਕਰਕੇ ਨੌਜਵਾਨ ਵਰਗ ਮਾਨਸਿਕ ਪ੍ਰੇਸ਼ਾਨੀ ’ਚੋਂ ਲੰਘ ਰਿਹਾ ਹੈ। ਫੋਟੋਗ੍ਰਾਫੀ, ਢਾਬੇ, ਹੋਟਲ, ਮੈਰਿਜ ਪੈਲੇਸ, ਚਾਹ ਦੀਆਂ ਦੁਕਾਨਾਂ, ਮੀਟ ਸ਼ਾਪ,ਕੱਪੜੇ ਦੇ ਕਾਰੋਬਾਰ ਸਮੇਤ ਦਰਜ਼ਨਾਂ ਕਾਰੋਬਾਰ ਠੱਪ ਹੋ ਗਏ ਹਨ ਜਾਂ ਘਾਟੇ ਦਾ ਸੌਦਾ ਬਣ ਗਏ ਹਨ।