ਫ਼ਰੀਦਕੋਟ: ਇੱਥੋਂ ਦੇ ਪੰਡਤ ਚੇਤਨ ਦੇਵ ਕਾਲਜ ਵਿੱਚ ਬੀੜ ਸੰਸਥਾ ਵੱਲੋਂ ਫੋਟੋ ਪ੍ਰਦਰਸ਼ਨੀ ਲਾਈ ਗਈ। ਇਸ ਦਾ ਉਦਘਾਟਨ ਬੇਅੰਤ ਕੌਰ ਸੇਖੋਂ ਨੇ ਕੀਤਾ। ਸੰਸਥਾ ਮੁਖੀ ਗੁਰਪ੍ਰੀਤ ਸਿੰਘ ਸਰਾਂ ਨੇ ਕਿਹਾ ਕਿ ਆਮ ਲੋਕਾਂ ਨੂੰ ਚੌਗਿਰਦੇ, ਪੰਛੀਆਂ ਅਤੇ ਵਾਤਾਵਰਨ ਨਾਲ ਜੋੜਨ ਲਈ ਇਹ ਪ੍ਰਦਰਸ਼ਨੀ ਲਾਈ ਗਈ ਹੈ। ਇਸ ਵਿੱਚ ਲੋਕਾਂ ਨੂੰ ਪੰਜਾਬ ਦੇ ਵਾਤਾਵਰਨ ’ਚੋਂ ਲੋਪ ਹੋ ਰਹੇ ਦੁਰਲੱਭ ਪੰਛੀਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਬੇਅੰਤ ਕੌਰ ਸੇਖੋਂ ਨੇ ਕਿਹਾ ਕਿ ਕੀਟਨਾਸ਼ਕਾਂ ਦੀ ਵਰਤੋਂ ਵਧਣ ਅਤੇ ਚੀਨੀ ਡੋਰ ਦੀ ਵਰਤੋਂ ਕਾਰਨ ਪੰਛੀਆਂ ਦੀ ਹੋਂਦ ਨੂੰ ਖ਼ਤਰਾ ਹੋ ਗਿਆ ਹੈ। ਇਸ ਮੌਕੇ ਸੰਸਥਾ ਦੇ ਆਗੂਆਂ ਨੇ ਪੰਛੀਆਂ ਦੀ ਸੰਭਾਲ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਬਣਾਏ ਵਿਸ਼ੇਸ਼ ਆਲ੍ਹਣੇ ਵੀ ਲੋਕਾਂ ਨੂੰ ਵੰਡੇ। -ਨਿੱਜੀ ਪੱਤਰ ਪ੍ਰੇਰਕ