ਪੱਤਰ ਪ੍ਰੇਰਕ
ਭਦੌੜ, 15 ਮਈ
ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਪਦਮਸ੍ਰੀ ਹਰਵਿੰਦਰ ਸਿੰਘ ਫੂਲਕਾ ਦੇ ਛੋਟੇ ਭਰਾ ਰਵਿੰਦਰ ਸਿੰਘ ਫੂਲਕਾ ਦੀ ਯਾਦ ਵਿਚ ਫੂਲਕਾ ਪਰਿਵਾਰ ਵੱਲੋਂ ਕੋਆਪਰੇਟਿਵ ਸੁਸਾਇਟੀ ਭਦੌੜ ਨੂੰ ਝੋਨੇ ਦੀ ਸਿੱਧੀ ਬਿਜਾਈ ਵਾਲੀ ਮਸ਼ੀਨ ਦਾਨ ਕੀਤੀ ਗਈ ਹੈ। ਹਰਵਿੰਦਰ ਸਿੰਘ ਫੂਲਕਾ ਨੇ ਕਿਹਾ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਜਿੱਥੇ ਸਰਕਾਰਾਂ ਆਪਣਾ ਫ਼ਰਜ਼ ਨਿਭਾ ਰਹੀਆਂ ਹਨ, ਉੱਥੇ ਕਿਸਾਨਾਂ ਦਾ ਵੀ ਫਰਜ਼ ਬਣਦਾ ਹੈ ਕਿ ਪਾਣੀ ਨੂੰ ਬਚਾਉਣ ਲਈ ਝੋਨੇ ਦੀ ਸਿੱਧੀ ਬਿਜਾਈ ਨੂੰ ਹੁਲਾਰਾ ਦਿੱਤਾ ਜਾਵੇ। ਉਨ੍ਹਾਂ ਨੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਪ੍ਰੇਰਿਤ ਕੀਤਾ ਗਿਆ।
ਨਵਜੋਤ ਸਿੱਧੂ ਨੇ ਫੂਲਕਾ ਨਾਲ ਦੁੱਖ ਵੰਡਾਇਆ
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰੰਘ ਸਿੱਧੂ ਅੱਜ ਸਾਬਕਾ ਵਿਧਾਇਕ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਦੇ ਘਰ ਉਨ੍ਹਾਂ ਦੇ ਭਰਾ ਦੀ ਮੌਤ ’ਤੇ ਦੁੱਖ ਸਾਂਝਾ ਕਰਨ ਪੁੱਜੇ। ਇਸ ਦੌਰਾਨ ਉਨ੍ਹਾਂ ਨੇ ਹਰਵਿੰਦਰ ਸਿੰਘ ਫੂਲਕਾ ਨਾਲ ਕੁਝ ਸਮਾਂ ਬੰਦ ਕਮਰਾ ਮੀਟਿੰਗ ਵੀ ਕੀਤੀ। ਇਸ ਮੌਕੇ ਪੱਤਰਕਾਰਾਂ ਨੇ ਜਦੋਂ ਉਨ੍ਹਾਂ ਤੋਂ ਸੁਨੀਲ ਜਾਖੜ ਦੇ ਕਾਂਗਰਸ ਛੱਡਣ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਇੰਨਾ ਹੀ ਕਿਹਾ ਕਿ ਜਾਖੜ ਸਾਹਿਬ ਵਧੀਆ ਇਨਸਾਨ ਹਨ। ਉਨ੍ਹਾਂ ਹੋਰ ਕੁਝ ਕਹਿਣ ਤੋਂ ਕਿਨਾਰਾ ਕਰਦਿਆਂ ਕਿਹਾ ਕਿ ਉਹ ਫੂਲਕਾ ਪਰਿਵਾਰ ਨਾਲ ਉਨ੍ਹਾਂ ਦੇ ਭਰਾ ਦੀ ਮੌਤ ’ਤੇ ਦੁੱਖ ਵੰਡਾਉਣ ਆਏ ਹਨ। ਇਸ ਮੌਕੇ ਉਨ੍ਹਾਂ ਨਾਲ ਅਸ਼ਵਨੀ ਸੇਖੜੀ, ਪਿਰਮਲ ਸਿੰਘ ਧੌਲਾ, ਹਰਦਿਆਲ ਸਿੰਘ ਕੰਬੋਜ, ਨਾਜ਼ਰ ਸਿੰਘ ਮਾਨਸ਼ਾਹੀਆ, ਸੁਨੀਲ ਦੱਤੀ, ਨਵਤੇਜ ਸਿੰਘ ਚੀਮਾ, ਜਗਦੇਵ ਸਿੰਘ ਕਮਾਲੂ ਅਤੇ ਸੁਰਜੀਤ ਸਿੰਘ ਧੀਮਾਨ ਆਦਿ ਹਾਜ਼ਰ ਸਨ।