ਗੁਰਵਿੰਦਰ ਸਿੰਘ
ਰਾਮਪੁਰਾ ਫੁੂਲ, 30 ਨਵੰਬਰ
ਸ਼ਹਿਰ ਦੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਪੈਪਸੂ ਰੋਡਵੇਜ਼ ਦੇ ਕਾਮਿਆਂ ਨੇ ਇਨਸਾਫ਼ ਲੈਣ ਲਈ ਧਰਨਾ ਲਗਾ ਕੇ ਪੁਲੀਸ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ। ਪੈਪਸੂ ਰੋਡਵੇਜ਼ ਦੇ ਕਾਮਿਆਂ ਨੇ ਦੱਸਿਆ ਕਿ ਬੀਤੇ ਕੱਲ੍ਹ ਬਠਿੰਡਾ ਤੋਂ ਪੈਪਸੂ ਰੋਡਵੇਜ਼ ਦੀ ਬੱਸ ਸਵੇਰੇ 7:48 ਵਜੇ ਬਠਿੰਡਾ ਤੋਂ ਚੱਲ ਕੇ 8:40 ਵਜੇ ਰਾਮਪੁਰਾ ਫੂਲ ਪਹੁੰਚੀ ਸੀ ਉਸ ਸਮੇਂ ਇੱਕ ਵਿਅਕਤੀ ਸਵਾਰੀ ਨੂੰ ਚੜ੍ਹਾਉਣ ਲਈ ਐਕਟਿਵਾ ਸਕੂਟਰੀ ’ਤੇ ਆਇਆ ਸੀ। ਸਵਾਰੀ ਨੂੰ ਚੜ੍ਹਾਉਣ ਸਮੇਂ ਬੱਸ ਕੰਡਕਟਰ ਤੇ ਉਕਤ ਵਿਅਕਤੀ ਦੀ ਬਹਿਸ ਹੋ ਗਈ ਜਿਸ ਕਾਰਨ ਬੱਸ ਕੰਡਕਟਰ ਤੇ ਉਕਤ ਵਿਅਕਤੀ ਦੇ ਸੱਟਾਂ ਲੱਗੀਆਂ ਜਿਸ ਕਾਰਨ ਬੱਸ ਕੰਡਕਟਰ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ। ਪੈਪਸੂ ਰੋਡਵੇਜ਼ ਬਠਿੰਡਾ ਦੇ ਪ੍ਰਧਾਨ ਸੰਦੀਪ ਸਿੰਘ ਦਾ ਕਹਿਣਾ ਹੈ ਕਿ ਬੱਸ ਕੰਡਕਟਰ ਮਨਦੀਪ ਸਿੰਘ ਦੇ ਸੱਟਾਂ ਲੱਗੀਆਂ ਹਨ ਜਿਸ ਨੂੰ 30 ਘੰਟਿਆਂ ਤੋਂ ਉਪਰ ਦਾ ਸਮਾਂ ਹੋ ਗਿਆ ਹੈ ਪ੍ਰੰਤੂ ਪੁਲੀਸ ਵਲੋਂ ਕੋਈ ਬਿਆਨ ਨਹੀਂ ਲਏ ਗਏ। ਇਸ ਸਬੰਧੀ ਜਦੋਂ ਏਐਸਆਈ ਜਗਤਾਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਦੋਵੇਂ ਧਿਰਾਂ ਦੇ ਬਿਆਨ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬਿਆਨ ਲੈਣ ਤੋਂ ਬਾਅਦ ਰੋਡਵੇਜ਼ ਦੇ ਕਾਮਿਆਂ ਵਲੋਂ ਜਾਮ ਖੋਲ੍ਹਿਆ ਗਿਆ।