ਪੱਤਰ ਪ੍ਰੇਰਕ
ਮਾਨਸਾ, 24 ਜਨਵਰੀ
ਸੰਯੁਕਤ ਸਮਾਜ ਮੋਰਚੇ ਦੇ ਸੀਨੀਅਰ ਆਗੂ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੂਲਦੂ ਸਿੰਘ ਨੇ ਕਿਹਾ ਕਿ ਪੰਜਾਬ ਦੀਆਂ ਰਵਾਇਤੀ ਧਿਰਾਂ ਨੂੰ ਮਾਤ ਪਾਉਣ ਲਈ ਪੰਜਾਬ ਦੇ ਲੋਕ ਸੰਯੁਕਤ ਸਮਾਜ ਮੋਰਚੇ ਦੇ ਹੱਕ ਵਿੱਚ ਫਤਵਾ ਦੇਣਗੇ। ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਬਰੂਹਾਂ ’ਤੇ ਚੱਲੇ ਸੰਘਰਸ਼ ਨੇ ਸਮੁੱਚੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਅੰਬਾਨੀਆਂ-ਅਡਾਨੀਆਂ ਦੇ ਹੱਥਾਂ ਵਿੱਚ ਜਾਣ ਤੋਂ ਰੋੋਕਿਆ ਹੈ। ਇਸ ਕਾਰਨ ਲੋਕਾਂ ਵਿੱਚ ਇੱਕ ਸਤਿਕਾਰ ਅਤੇ ਵਿਸ਼ਵਾਸ ਬਣ ਚੁੱਕਿਆ ਹੈ।ਉਹ ਅੱਜ ਇਥੇ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰਾਂ ਸਮੇਤ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਸੰਬੋਧਨ ਕਰ ਰਹੇ ਸਨ। ਕਿਸਾਨ ਆਗੂ ਰੁਲਦੂ ਸਿੰਘ ਨੇ ਕਿਹਾ ਕਿ ਹਲਕਾ ਮਾਨਸਾ ਤੋਂ ਗੁਰਨਾਮ ਭੀਖੀ, ਬੁਢਲਾਡਾ ਤੋਂ ਕ੍ਰਿਸ਼ਨ ਚੌਹਾਨ ਅਤੇ ਸਰਦੂਲਗੜ੍ਹ ਤੋਂ ਛੋਟਾ ਸਿੰਘ ਮੀਆਂ ਦੀ ਚੋਣ ਮੁਹਿੰਮ ਨੂੰ ਆਪਣੀ ਚੋਣ ਮੰਨ ਕੇ ਜਥੇਬੰਦੀ ਦਾ ਆਗੂ ਅਤੇ ਵਰਕਰ ਤਨਦੇਹੀ ਨਾਲ ਜਿੱਤ ਤੱਕ ਕੰਮ ਕਰੇਗਾ। ਉਨ੍ਹਾਂ ਆਸ ਪ੍ਰਗਟ ਕਰਦਿਆਂ ਕਿਹਾ ਕਿ ਮੋਰਚੇ ਨੂੰ ਸੱਤਾ ਦੀ ਤਾਕਤ ਦੇ ਕੇ ਪੰਜਾਬ ਦੇ ਬੁਨਿਆਦੀ ਮਸਲਿਆਂ ਅਤੇ ਆਮ ਲੋਕਾਂ ਲਈ ਆਸ ਦੀ ਕਿਰਨ ਜਗਾਈ ਜਾਵੇ, ਕਿਉਂਕਿ ਲੜਾਈ ਸਮਾਜਵਾਦ ਦੀ ਪੂੰਜੀਵਾਦ ਦੇ ਖਿਲਾਫ਼ ਹੈ। ਉਨ੍ਹਾਂ ਕਿਹਾ ਕਿ ਜਿਹੜੇ ਪਿੰਡਾਂ ਦੇ ਕਿਸਾਨ-ਮਜ਼ਦੂਰ ਦਿੱਲੀ ਅੰਦੋਲਨ ਦੌਰਾਨ ਸ਼ਹੀਦੀਆਂ ਪਾ ਗਏ ਸਨ, ਉਨ੍ਹਾਂ ਪਿੰਡਾਂ ’ਚੋਂ ਸ਼ਹੀਦਾਂ ਦੇ ਵਾਰਸਾਂ ਨੂੰ ਨਾਲ ਲੈ ਕੇ ਪਿੰਡਾਂ ਵਿੱਚ ਸ਼ਰਧਾਂਜਲੀ ਸਮਾਗਮ ਕਰਕੇ ਚੋਣ ਰੈਲੀਆਂ ਕੀਤੀਆਂ ਜਾਣਗੀਆਂ। ਇਸੇ ਦੌਰਾਨ ਕੁੱਲ ਹਿੰਦ ਕਿਸਾਨ ਸਭਾ ਦੇ ਦਲਜੀਤ ਮਾਨਸ਼ਾਹੀਆ,ਜਮਹੂਰੀ ਕਿਸਾਨ ਸਭਾ ਦੇ ਲਾਲ ਚੰਦ, ਬੀਕੇਯੂ ਮਾਨਸਾ ਦੇ ਤੇਜ਼ ਸਿੰਘ ਚੁਕੇਰੀਆਂ ਨੇ ਵੀ ਸੰਬੋਧਨ ਕੀਤਾ।