ਪੱਤਰ ਪ੍ਰੇਰਕ
ਫਤਹਿਗੜ੍ਹ ਪੰਜਤੂਰ, 17 ਜੂਨ
ਇਥੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਜਾਂਦੀ ਪੰਜਾਬ ਰੋਡਵੇਜ਼ ਮੋਗਾ ਡਿੱਪੂ ਦੀ ਇਕਲੌਤੀ ਬੱਸ ਨੂੰ ਡਿੱਪੂ ਵੱਲੋਂ ਬੰਦ ਕਰ ਦਿੱਤਾ ਗਿਆ ਹੈ। ਰੋਡਵੇਜ਼ ਮੋਗਾ ਦੀ ਉਕਤ ਬੱਸ ਲੰਘੇ ਇੱਕ ਦਹਾਕੇ ਤੋਂ ਰੂਟ ’ਤੇ ਚੱਲ ਰਹੀ ਸੀ। ਮਿਲੀ ਜਾਣਕਾਰੀ ਮੁਤਾਬਕ ਇਸ ਬੱਸ ਨੂੰ ਲੋਕ ਮੰਗ ਦੇ ਆਧਾਰ ’ਤੇ ਡਿੱਪੂ ਅਧਿਕਾਰੀਆਂ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਭੇਜਿਆ ਜਾ ਰਿਹਾ ਸੀ। ਸਾਲ 2014 ਵਿੱਚ ਤਤਕਾਲੀ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਇਲਾਕੇ ਦੇ ਲੋਕਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਨੂੰ ਸਪੈਸ਼ਲ ਸਰਕਾਰੀ ਬੱਸ ਚਲਾਉਣ ਦੀ ਮੰਗ ਰੱਖੀ ਸੀ। ਉਸੇ ਵੇਲੇ ਹੀ ਟਰਾਂਸਪੋਰਟ ਅਧਿਕਾਰੀਆਂ ਨੂੰ ਫਤਿਹਗੜ੍ਹ ਪੰਜਤੂਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਬੱਸ ਚਲਾਉਣ ਦੀ ਹਦਾਇਤ ਕੀਤੀ ਗਈ ਸੀ। ਇਸ ਬੱਸ ਦੇ ਬੰਦ ਹੋਣ ਨਾਲ ਹਲਕੇ ਦੀਆਂ ਸੰਗਤਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇੱਥੋਂ ਦੇ ਗੁਰਮਤਿ ਪ੍ਰਚਾਰ ਸਭਾ ਦੇ ਆਗੂਆਂ ਨੇ ਸਰਕਾਰ ਪਾਸੋਂ ਇਸ ਬੱਸ ਦੇ ਰੂਟ ਬਹਾਲੀ ਦੀ ਮੰਗ ਕੀਤੀ ਹੈ। ਦੂਸਰੇ ਪਾਸੇ ਪੰਜਾਬ ਰੋਡਵੇਜ਼ ਮੋਗਾ ਡਿੱਪੂ ਦੇ ਜਨਰਲ ਮੈਨੇਜਰ ਸੁਭਾਸ਼ ਚੰਦਰ ਨੇ ਦੱਸਿਆ ਕਿ ਸਟਾਫ ਦੀ ਘਾਟ ਕਾਰਨ ਬੱਸ ਨੂੰ ਬੰਦ ਕੀਤਾ ਗਿਆ ਸੀ ਕੱਲ੍ਹ ਤੋਂ ਹੀ ਇਹ ਬੱਸ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਡਿਪੂ ਵੱਲੋਂ ਉਕਤ ਬੱਸ ਦਾ ਪਰਮਾਨੈਂਟ ਰੂਟ ਪਰਮਿਟ ਵਿਭਾਗ ਤੋਂ ਮੁਹੱਈਆ ਕਰਵਾਇਆ ਜਾਵੇਗਾ।