ਜਗਤਾਰ ਅਨਜਾਣ
ਮੌੜ ਮੰਡੀ,1 ਸਤੰਬਰ
ਮੌੜ ਕਲਾਂ ਦੀ ਹੱਡਾ ਰੋੜੀ ਦਾ ਮਾਮਲਾ ਅੱਜ ਉਸ ਸਮੇਂ ਭਖ ਗਿਆ ਜਦੋਂ ਪਿੰਡ ਮੌੜ ਕਲਾਂ ਦੀ ਹੱਡਾਰੋੜੀ ਤੋਂ ਪ੍ਰੇਸ਼ਾਨ ਲੋਕਾਂ ਨੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਐੱਸਡੀਐੱਮ ਦਫ਼ਤਰ ਅੱਗੇ ਧਰਨਾ ਦੇ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਜਦੋਂ ਕਈ ਘੰਟੇ ਬੀਤਣ ’ਤੇ ਵੀ ਧਰਨਾ ਲਾ ਰਹੇ ਲੋਕਾਂ ਦੀ ਪ੍ਰਸ਼ਾਸਨ ਨੇ ਕੋਈ ਸੁਣਵਾਈ ਨਾ ਕੀਤੀ ਤਾਂ ਕਿਸਾਨਾਂ ਨੇ ਨਾਇਬ ਤਹਿਸੀਲਦਾਰ ਜਗਤਾਰ ਸਿੰਘ ਦਾ ਘਿਰਾਓ ਕਰ ਲਿਆ।
ਇਸੇ ਦੌਰਾਨ ਤਹਿਸੀਲਦਾਰ ਨੇ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ ਜਿਸ ’ਚ ਜ਼ਿਲ੍ਹਾ ਬਠਿੰਡਾ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ, ਜ਼ਿਲ੍ਹਾ ਆਗੂ ਜਸਵੀਰ ਸਿੰਘ ਬੁਰਜ ਸੇਮਾ, ਜਗਦੇਵ ਸਿੰਘ ਜੋਗੇਵਾਲਾ ਤੇ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਆਦਿ ਸ਼ਾਮਲ ਹੋਏ। ਇਕੱਠ ਵਿੱਚ ਪਹੁੰਚੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਤੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਹੱਡਾ ਰੋੜੀ ਨੂੰ ਅਣਅਧਿਕਾਰਤ ਤੌਰ ’ਤੇ ਚਲਾ ਰਹੇ ਲੋਕਾਂ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਕਾਰਨ ਨਾ ਤਾਂ ਕਿਸੇ ਵਾਤਾਵਰਨ ਪ੍ਰੇਮੀ ਨੂੰ ਵਾਤਾਵਰਨ ਦਾ ਹੇਜ ਜਾਗਿਆ ਹੈ ਤੇ ਨਾ ਹੀ ਗ੍ਰੀਨ ਟ੍ਰਿਬਿਊਨਲ ਵੱਲੋਂ ਕੋਈ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਵਾਤਾਵਰਨ ਖਰਾਬ ਕਰਨ ਦੇ ਦੋਸ਼ੀ ਸਿਰਫ ਕਿਸਾਨ ਹੀ ਦਿੱਸਦੇ ਹਨ। ਪਾਣੀ ਪ੍ਰਦੂਸ਼ਿਤ ਕਰਨ ਦਾ ਦੋਸ਼ ਵੀ ਕਿਸਾਨਾਂ ਸਿਰ ਹੀ ਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਪੰਜਾਬ ਦੀ ਮਾਨ ਸਰਕਾਰ ਲੋਕਾਂ ਨੂੰ ਵਧੀਆ ਸਾਫ਼ ਪਾਣੀ ਪੀਣ ਦੇ ਪ੍ਰਬੰਧ ਕਰਨ ਦੇ ਦਾਅਵੇ ਕਰ ਰਹੀ ਹੈ, ਦੂਜੇ ਪਾਸੇ ਇਸੇ ਹੱਡਾਰੋੜੀ ਵਿੱਚੋਂ ਭਿਆਨਕ ਬਿਮਾਰੀਆਂ ਕਾਰਨ ਮਰੇ ਹੋਏ ਪਸ਼ੂਆਂ ਦੇ ਅੰਗ ਰਜਵਾਹੇ ’ਚ ਕੁੱਤਿਆਂ ਵੱਲੋਂ ਸੁੱਟੇ ਜਾ ਰਹੇ ਹਨ।
ਕਿਸਾਨ ਆਗੂਆਂ ਨੇ ਮੌੜ ਦੇ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ’ਤੇ ਤੰਜ ਕਸਿਆ ਕਿ ਮਾਈਸਰਖਾਨਾ ਵੱਲੋਂ ਧਾਰੀ ਹੋਈ ਚੁੱਪ ਆਪਣੇ ਮੁਨਾਫ਼ੇ ਲਈ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ, ਇਸ ਹੱਡਾ ਰੋੜੀ ਦੇ ਮਾਲਕਾਂ ਤੇ ਠੇਕੇਦਾਰਾਂ ਦੇ ਪੱਖ ’ਚ ਭੁਗਤ ਰਹੀ ਹੈ।
ਇਸ ਮੌਕੇ ਨਗਰ ਪੰਚਾਇਤ ਵੱਲੋਂ ਪਹੁੰਚੇ ਅਧਿਕਾਰੀ ਜੇਈ ਨੂੰ ਹੱਡਾ ਰੋੜੀ ਬੰਦ ਕਰਨ ਦਾ ਲਿਖਤੀ ਕਿਸਾਨਾਂ ਨੂੰ ਭਰੋਸਾ ਦੇਣ ਦੇ ਨਾਲ ਹੀ ਸਟੇਜ ਤੋਂ ਆ ਕੇ ਭਰੋਸਾ ਦੇਣਾ ਪਿਆ ਤਾਂ ਪ੍ਰਦਰਸ਼ਨਕਾਰੀ ਸ਼ਾਂਤ ਹੋਏ। ਉਨ੍ਹਾਂ ਕਿਹਾ ਕਿ ਇੱਥੋਂ ਹੱਡਾਰੋੜੀ ਬੰਦ ਕਰ ਦਿੱਤੀ ਗਈ ਹੈ ਤੇ ਇਥੇ ਜੋ ਮਰੇ ਹੋਏ ਪਸ਼ੂਆਂ ਦੇ ਅੰਗ ਪਏ ਹਨ ਉਨ੍ਹਾਂ ਨੂੰ ਸਾਫ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਕਿਸਾਨਾਂ ਨੇ ਘਿਰਾਓ ਖਤਮ ਕਰ ਕੇ ਧਰਨਾ ਚੁੱਕ ਲਿਆ। ਦੂਜੇ ਪਾਸੇ ਕਿਸਾਨ ਗੁਰਸੇਵਕ ਸਿੰਘ ਤੇ ਠੇਕੇਦਾਰ ਵੱਲੋਂ ਸੋਸ਼ਲ ਮੀਡੀਆ ’ਤੇ ਵਾਇਰਲ ਪੋਸਟ ਰਾਹੀਂ ਔਰਤਾਂ ਪ੍ਰਤੀ ਭੱਦੀ ਸ਼ਬਦਾਵਲੀ ਵਰਤਣ ਦੇ ਦੋਸ਼ ਤਹਿਤ ਕਿਸਾਨ ਆਗੂਆਂ ਵੱਲੋਂ ਕਰਵਾਈ ਕਰਨ ਲਈ ਦਰਖ਼ਾਸਤ ਦਿੱਤੀ ਗਈ ਹੈ।
ਕਿਸਾਨ ਆਗੂਆਂ ਨੂੰ ਬਦਨਾਮ ਕਰਨ ਲਈ ਕੋਸ਼ਿਸ਼ ਦਾ ਦਾਅਵਾ
ਦੱਸਣਯੋਗ ਹੈ ਕਿ ਹੱਡਾ ਰੋੜੀ ’ਚ ਮਰੇ ਪਸ਼ੂਆਂ ਕਾਰਨ ਫੈਲ ਰਹੀ ਬਦਬੂ ਤੋਂ ਦੁਖ਼ੀ ਮੌੜ ਕਲਾਂ, ਮੌੜ ਖੁਰਦ, ਕੱਲੋ ਦੇ ਵਾਸੀਆਂ ਵੱਲੋਂ ਹੱਡਾ ਰੋੜੀ ਵਿੱਚ ਪਸ਼ੂ ਸੁੱਟਣ ਤੋਂ ਰੋਕਣ ਲਈ 14 ਅਗਸਤ ਤੋਂ ਧਰਨਾ ਦਿੱਤਾ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਹੱਡਾ ਰੋੜੀ ਵਾਲੇ ਖੇਤ ਦੇ ਮਾਲਕ ਕਿਸਾਨ ਤੇ ਠੇਕੇਦਾਰ ਵੱਲੋਂ ਇਕ ਆਡੀਓ ਵਾਇਰਲ ਕੀਤੀ ਗਈ ਜਿਸ ’ਚ ਕਿਸਾਨ ਆਗੂਆਂ ਨੂੰ ਗੋਲੀਆਂ ਮਾਰ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਦੀਆਂ ਔਰਤਾਂ ਦੀ ਇੱਜ਼ਤ ਪ੍ਰਤੀ ਗੰਦੀ ਭਾਸ਼ਾ ਵਰਤੀ ਗਈ ਹੈ ਤੇ ਇਸ ਆਡੀਓ ਨੂੰ ਵਾਇਰਲ ਕਰ ਕੇ ਕਿਸਾਨ ਆਗੂਆਂ ਨੂੰ ਬਦਨਾਮ ਕਰਨ ਲਈ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਮੁਖੀ ਮੌੜ ਨੂੰ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਲਈ ਦਰਖਾਸਤ ਦਿੱਤੀ ਗਈ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਆਉਂਦੇ ਦਿਨਾਂ ਵਿੱਚ ਸੰਘਰਸ਼ ਤਿੱਖਾ ਕੀਤਾ ਜਾਵੇਗਾ।