ਜੋਗਿੰਦਰ ਸਿੰਘ ਮਾਨ
ਮਾਨਸਾ, 24 ਜੁਲਾਈ
ਘੱਗਰ ਵਿੱਚ ਸਵੇਰੇ-ਸ਼ਾਮ ਚੜ੍ਹ ਰਹੇ ਪਾਣੀ ਕਾਰਨ ਮਾਨਸਾ ਜ਼ਿਲ੍ਹੇ ਦੇ ਚਾਰ ਦਰਜਨਾਂ ਤੋਂ ਵੱਧ ਪਿੰਡਾਂ ਦੇ ਲੋਕਾਂ ਵਿਚ ਲਗਾਤਾਰ ਸਹਿਮ ਬਣਨ ਲੱਗਿਆ ਹੈ। ਇਨ੍ਹਾਂ ਪਿੰਡਾਂ ਦੇ ਲੋਕਾਂ ਵੱਲੋਂ ਪਾਣੀ ਦੇ ਡਰ ਨੂੰ ਵੇਖਦਿਆਂ ਪਹਿਰੇਦਾਰੀ ਸ਼ੁਰੂ ਕਰ ਦਿੱਤੀ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਕਿਸੇ ਵੇਲੇ ਵੀ ਘੱਗਰ ਦੇ ਕਿਨਾਰੇ ਬੇਮੁਹਾਰੇ ਪਾਣੀ ਮੂਹਰੇ ਖੁਰ ਸਕਦੇ ਹਨ। ਬੇਸ਼ੱਕ ਪੁਲੀਸ ਅਧਿਕਾਰੀਆਂ ਵੱਲੋਂ ਦਿਨ-ਰਾਤ ਦੀ ਗਸ਼ਤ ਜਾਰੀ ਹੈ ਅਤੇ ਚਾਂਦਪੁਰਾ ਬੰਨ੍ਹ ਨੇੜੇ ਆਰਜੀ ਚੌਕੀ ਕਾਇਮ ਕੀਤੀ ਗਈ ਹੈ, ਪਰ ਇਸ ਦੇ ਬਾਵਜੂਦ ਲੋਕਾਂ ਦੇ ਹੌਸਲੇ ਪਸਤ ਹੋਣ ਲੱਗੇ ਹਨ। ਬੁਢਲਾਡਾ ਦੇ ਵਿਧਾਇਕ ਪ਼ਿੰਸੀਪਲ ਬੁੱਧ ਰਾਮ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਜ਼ਿਲ੍ਹੇ ਦੇ ਚਾਰ ਦਰਜਨਾਂ ਪਿੰਡਾਂ ਦੀ ਜਾਨ-ਮਾਲ ਦੀ ਰਾਖੀ ਲਈ ਸਰਕਾਰ ਵੱਲੋਂ ਹਰ ਤਰ੍ਹਾਂ ਦੇ ਬੰਦੋਬਸਤ ਕਰਨ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇ ਹਿਮਾਚਲ ਅਤੇ ਪਹਾੜਾਂ ਵਿੱਚ ਹੋਰ ਜ਼ਿਆਦਾ ਮੀਂਹ ਨਹੀਂ ਪੈਦਾ ਤਾਂ ਬੰਨ੍ਹਾਂ ਦੇ ਟੁੱਟਣ ਲਈ ਕੋਈ ਖ਼ਤਰਾ ਖੜ੍ਹਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਬੰਨ੍ਹਾਂ ਦੀ ਮਜ਼ਬੂਤੀ ਲਈ ਸਰਕਾਰ ਵੱਲੋਂ ਫੰਡ ਭੇਜੇ ਜਾ ਰਹੇ ਹਨ। ਇਸੇ ਦੌਰਾਨ ਪਿੰਡ ਕੁਲਰੀਆਂ, ਗੋਰਖਨਾਥ, ਜੁਗਲਾਨ, ਮੰਡੇਰ, ਭਾਵਾ ਦੇ ਲੋਕਾਂ ਵੱਲੋਂ ਪਹਿਰੇਦਾਰੀ ਆਰੰਭ ਕਰ ਦਿੱਤੀ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਚਾਂਦਪੁਰਾ ਬੰਨ੍ਹ ਉਪਰ ਗੋਤਾਖੋਰ ਭੇਜੇ ਜਾਣ, ਫੰਡ ਜਾਰੀ ਕੀਤਾ ਜਾਵੇ, ਵਾਟਰ ਪਰੂਫ਼ ਜੈਕਟਾਂ ਅਤੇ ਜੇਸੀਬੀ ਮਸ਼ੀਨਾਂ ਭੇਜਣ ਦੀ ਤੁਰੰਤ ਲੋੜ ਹੈ। ਇਨ੍ਹਾਂ ਪਿੰਡਾਂ ਦੇ ਲੋਕਾਂ ਨੇ ਕਿਹਾ ਕਿ ਕਿ ਚਾਂਦਪੁਰਾ ਬੰਨ੍ਹ ਨੇੜੇ ਬਣੇ ਪੁਲ ਵਿੱਚ ਵੱਡੇ ਟਾਹਣੇ ਅਤੇ ਘਾਹ-ਫੂਸ ਫਸਣ ਕਾਰਨ ਪਾਣੀ ਦੀ ਡਾਫ ਲੱਗਣ ਲੱਗੀ ਹੈ, ਜਿਸ ਕਾਰਨ ਪਾਣੀ ਦੇ ਚੜ੍ਹਨ ਕਾਰਨ ਕਿਨਾਰਿਆਂ ਦੇ ਟੁੱਟਣ ਦਾ ਡਰ ਬਣਿਆ ਹੋਇਆ ਹੈ। ਉਧਰ, ਲੋਕਾਂ ਨੂੰ ਸੰਭਾਵੀ ਹੜ੍ਹਾਂ ਦੇ ਡਰ ਵਿੱਚੋਂ ਕੱਢਣ ਲਈ ਡਿਪਟੀ ਕਮਿਸ਼ਨਰ ਬਲਦੀਪ ਕੌਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਵਿੱਚ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਹੜ੍ਹਾਂ ਦੀ ਸਥਿਤੀ ਵਿੱਚ ਹਰੇਕ ਅਧਿਕਾਰੀ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਲਗਨ ਨਾਲ ਨਿਭਾਏ ਅਤੇ ਜੇ ਕਿਸੇ ਵੀ ਅਧਿਕਾਰੀ ਨੂੰ ਕੋਈ ਦਿੱਕਤ ਪੇਸ਼ ਆਉਂਦੀ ਹੈ ਤਾਂ ਉਹ ਤੁਰੰਤ ਡਿਪਟੀ ਕਮਿਸ਼ਨਰ ਦੇ ਧਿਆਨ ਹਿੱਤ ਲਿਆਉਣ। ਉਨ੍ਹਾਂ ਐੱਸਡੀਐੱਮ ਬੁਢਲਾਡਾ ਅਤੇ ਐਸਡੀਐੱਮ ਸਰਦੂਲਗੜ੍ਹ ਨੂੰ ਹਰ ਸਮੇਂ ਹੜ੍ਹ ਕੰਟਰੋਲ ਰੂਮਾਂ ਨਾਲ ਸਾਰੇ ਅਧਿਕਾਰੀਆਂ ਦੇ ਜੁੜੇ ਰਹਿਣ ਦੀ ਹਦਾਇਤ ਕੀਤੀ ਹੈ ਅਤੇ ਕਿਸੇ ਨੂੰ ਵੀ ਸਟੇਸ਼ਨ ਨਾ ਛੱਡਣ ਦੇ ਆਦੇਸ਼ ਦਿੱਤੇ ਗਏ ਹਨ।
ਉਧਰ, ਬਹੁਤੇ ਮਹਿਕਮਿਆਂ ਦੇ ਅਧਿਕਾਰੀਆਂ ਤੋਂ ਪਤਾ ਲੱਗਿਆ ਹੈ ਕਿ ਇਸ ਔਖੀ ਘੜੀ ਵਿੱਚ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਨ ਲਈ ਉਨ੍ਹਾਂ ਕੋਲ ਵੱਖਰੇ ਤੌਰ ’ਤੇ ਕੋਈ ਫੰਡ ਨਹੀਂ ਹਨ, ਸਗੋਂ ਲੋੜ ਪੈਣ ’ਤੇ ਉਧਾਰ-ਸੁਧਾਰ ਨਾਲ ਗੱਡੀ ਰੋੜ੍ਹੀ ਜਾ ਸਕਦੀ ਹੈ। ਇਹ ਵੀ ਪਤਾ ਲੱਗਿਆ ਡਰੇਨੇਜ ਵਿਭਾਗ ਵੱਲੋਂ ਜ਼ਿਲ੍ਹੇ ਦੀਆਂ ਬਹੁਤੀਆਂ ਡਰੇਨਾਂ ਦੀ ਸਫ਼ਾਈ ਕਰਵਾਈ ਹੀ ਨਹੀਂ ਗਈ ਅਤੇ ਜੇਕਰ ਕਿਤੇ ਸ਼ੁਰੂ ਵੀ ਕੀਤੀ ਗਈ ਹੈ ਤਾਂ ਉਹ ਫੰਡਾਂ ਦੀ ਘਾਟ ਕਾਰਨ ਅੱਧ-ਵਿਚਾਲੇ ਹੀ ਰਹਿ ਗਈ ਹੈ।
ਡਰੇਨ ਵਿੱਚ ਫਸ ਕੇ ਮੱਝ ਮਰੀ
ਨਿਹਾਲ ਸਿੰਘ ਵਾਲਾ (ਪੱਤਰ ਪ੍ਰੇਰਕ) ਪਿੰਡ ਪੱਤੋ ਹੀਰਾ ਸਿੰਘ ਵਿੱਚੋ ਲੰਘਦੀ ਚੰਦ ਭਾਨ ਡਰੇਨ ਵਿੱਚ ਇੱਥੋਂ ਦੇ ਮਜ਼ਦੂਰ ਮੁਕੰਦ ਸਿੰਘ ਗੁੱਡੂ ਦੀਆਂ ਦੋ ਮੱਝਾਂ ਡਿੱਗ ਪਈਆਂ। ਪਿੰਡ ਦੇ ਲੋਕਾਂ ਨੇ ਇੱਕ ਮੱਝ ਨੂੰ ਤਾਂ ਬਚਾ ਲਿਆ ਪਰ ਦੂਸਰੀ ਮੱਝ ਦੀ ਡਰੇਨ ਅੰਦਰ ਧਸ ਜਾਣ ਕਾਰਨ ਮੌਤ ਹੋ ਗਈ। ਜਿਸਦੀ ਕੀਮਤ ਇੱਕ ਲੱਖ ਰੁਪਏ ਦੱਸੀ ਜਾਂਦੀ ਹੈ।ਮੌਕੇ ’ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਮੁਕੰਦ ਸਿੰਘ ਗੁੱਡੂ ਦੀਆਂ ਦੋ ਮੱਝਾਂ ਡਰੇਨ ਦੀ ਸਫ਼ਾਈ ਨਾ ਹੋਣ ਕਰਕੇ ਪੁਲ ਕੋਲ ਇਕੱਠੀ ਹੋਈ ਘਾਹ ਬੂਟੀ ਆਦਿ ਵਿੱਚ ਫ਼ਸ ਗਈਆਂ। ਲੋਕਾਂ ਨੇ ਇੱਕ ਮੱਝ ਨੂੰ ਤਾਂ ਮੁੱਸ਼ਕਤ ਨਾਲ ਬਾਹਰ ਕੱਢ ਲਿਆ ਪਰ ਦੂਜੀ ਮੱਝ ਘਾਹ ਬੂਟੀ ਕਾਰਨ ਸੇਮ ਅੰਦਰ ਡੂੰਘੀ ਧਸ ਗਈ ਤੇ ਉਸ ਦੀ ਮੌਤ ਹੋ ਗਈ। ਦਲਿਤ ਪਰਿਵਾਰ ਦੇ ਮੁਕੰਦ ਸਿੰਘ ਗੁੱਡੂ ਨੇ ਦੱਸਿਆ ਕਿ ਮੱਝ ਇੱਕ ਲੱਖ ਰੁਪਏ ਦੀ ਸੀ। ਸਰਪੰਚ ਅਮਰਜੀਤ ਸਿੰਘ ਪੱਤੋ ਨੇ ਦੱਸਿਆ ਕਿ ਪੰਚਾਇਤ ਨੇ ਜੇਸੀਬੀ ਲਗਾ ਕੇ ਪੁਲ ਹੇਠ ਇਕੱਠੀ ਹੋਈ ਘਾਹ ਬੂਟੀ ਨੂੰ ਬਾਹਰ ਕੱਢਿਆ ਹੈ। ਉਨ੍ਹਾਂ ਡੀਸੀ ਮੋਗਾ ਨੂੰ ਦੋ ਮਾਰਚ ਨੂੰ ਪੱਤਰ ਲਿਖ ਕੇ ਡਰੇਨ ਦੀ ਸਫ਼ਾਈ ਕਰਵਾਉਣ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਸਰਕਾਰ ਤੋਂ ਮੱਝ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।