ਹਰਦੀਪ ਸਿੰਘ
ਫਤਹਿਗੜ੍ਹ ਪੰਜਤੂਰ, 31 ਅਗਸਤ
ਨਗਰ ਪੰਚਾਇਤ ਦੀ ਢਿੱਲੀ ਕਾਰਗੁਜ਼ਾਰੀ ਸਦਕਾ ਇੱਥੇ ਸ਼ੁਰੂ ਕੀਤੇ ਵਿਕਾਸ ਕਾਰਜ ਅਧੂਰੇ ਹਨ। ਨਗਰ ਪੰਚਾਇਤ ਵੱਲੋਂ ਵੱਖ-ਵੱਖ ਵਾਰਡਾਂ ਦੀਆਂ ਗਲੀਆਂ ਦਾ ਨਵੀਂਨੀਕਰਨ ਕਈ ਮਹੀਨੇ ਪਹਿਲਾਂ ਸ਼ੁਰੂ ਕੀਤਾ ਗਿਆ ਸੀ, ਜੋ ਮੁਕੰਮਲ ਨਹੀਂ ਹੋ ਸਕਿਆ। ਵਾਰਡ ਨੰਬਰ 8 ਦੀ ਇਕ ਗਲੀ ਵਿਚ ਲਗਪਗ ਚਾਰ ਮਹੀਨੇ ਪਹਿਲਾਂ ਇੰਟਰਲੌਕ ਟਾਈਲਾਂ ਲਾਉਣ ਲਈ ਪ੍ਰਕਿਰਿਆ ਸ਼ੁਰੂ ਹੋਈ ਸੀ। ਇਸ ਦੌਰਾਨ ਨਗਰ ਪੰਚਾਇਤ ਨੇ ਆਪਣੇ ਠੇਕੇਦਾਰ ਪਾਸੋਂ ਨਾਲੀ ’ਤੇ ਬਣੇ ਥੜ੍ਹੇ ਤੱਕ ਤੁੜਵਾ ਦਿੱਤੇ ਸਨ, ਪਰ ਹਾਲੇ ਤੱਕ ਕੰਮ ਪੂਰਾ ਨਹੀਂ ਹੋਇਆ। ਗਲੀ ਵਾਸੀਆਂ ਵੱਲੋਂ ਕਈ ਵਾਰ ਨਗਰ ਪੰਚਾਇਤ ਦੇ ਦਫਤਰ ਦੇ ਚੱਕਰ ਕੱਟਣ ਤੋਂ ਬਾਅਦ ਮਾਮਲਾ ਹਲਕਾ ਵਿਧਾਇਕ ਵੱਲੋਂ ਬੀਤੇ ਦਿਨੀਂ ਲਗਾਏ ਗਏ ਖੁੱਲ੍ਹੇ ਦਰਬਾਰ ਵਿਚ ਵੀ ਰੱਖਿਆ ਜਾ ਚੁੱਕਾ ਹੈ, ਪਰ ਗਲੀ ਦੇ ਵਿਕਾਸ ਦਾ ਮਾਮਲਾ ਅੱਗੇ ਨਹੀਂ ਵਧ ਸਕਿਆ। ਇਸ ਸਬੰਧੀ ਨਗਰ ਪੰਚਾਇਤ ਦੇ ਕਾਰਜ ਸਾਧਕ ਅਫਸਰ ਦਵਿੰਦਰ ਸਿੰਘ ਤੂਰ ਨੇ ਕਿਹਾ ਕਿ ਵਾਰਡ ਨੰਬਰ ਅੱਠ ਦੀ ਗਲੀ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਠੇਕੇਦਾਰ ਨਾਲ ਗੱਲ ਕਰਕੇ ਗਲੀ ਦੇ ਲਟਕੇ ਕੰਮ ਤੁਰੰਤ ਸ਼ੁਰੂ ਕਰਵਾਉਣਗੇ ਅਤੇ ਇਸ ਤੋਂ ਇਲਾਵਾ ਬਾਕੀ ਜੋ ਕੰਮ ਰਹਿੰਦੇ ਹਨ ਉਨ੍ਹਾਂ ਨੂੰ ਵੀ ਛੇਤੀ ਪੂਰਾ ਕੀਤਾ ਜਾਵੇਗਾ।