ਪੱਤਰ ਪ੍ਰੇਰਕ
ਮੰਡੀ ਲੱਖੇਵਾਲੀ, 7 ਅਕਤੂਬਰ
ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਸਰਕਾਰ ਵੱਲੋਂ ਸਵੱਛ ਭਾਰਤ ਮਿਸ਼ਨ ਤਹਿਤ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਸਬੰਧੀ ਜਾਣੂ ਕਰਵਾਉਣ ਲਈ ਅੱਜ ਵਿਧਾਨ ਸਭਾ ਦੇ ਪਿੰਡ ਬਲਮਗੜ੍ਹ ਅਤੇ ਮੰਡੀ ਲੱਖੇਵਾਲੀ ਦਾ ਦੌਰਾ ਕੀਤਾ।
ਇਸ ਦੌਰਾਨ ਡਾ. ਬਲਜੀਤ ਕੌਰ ਨੇ ਲੋਕਾਂ ਨੁੂੰ ਅਪੀਲ ਕੀਤੀ ਕਿ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਮੁੱਚੇ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਕਰਵਾਉਣ ਲਈ ਉਹ ਆਪਣਾ ਬਣਦਾ ਸਹਿਯੋਗ ਦੇਣ ਤਾਂ ਜੋ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਦੀਆਂ ਸਕੀਮਾਂ ਦਾ ਉਨ੍ਹਾਂ ਨੂੰ ਵੱਧ ਤੋਂ ਵੱਧ ਲਾਭ ਮਿਲ ਸਕੇ। ਸਵੱਛ ਭਾਰਤ ਮਿਸ਼ਨ ਬਾਰੇ ਉਨ੍ਹਾਂ ਕਿਹਾ ਕਿ ‘ਜਿੱਥੇ ਸਫਾਈ, ਉੱਥੇ ਖੁਦਾਈ’ ਦੇ ਮੰਤਵ ਨੂੰ ਸਮਝਣਾ ਚਾਹੀਦਾ ਹੈ ਅਤੇ ਆਪਣੇ ਆਲੇ-ਦੁਆਲੇ ਦੀ ਪੂਰੀ ਤਰ੍ਹਾਂ ਸਾਫ ਸਫਾਈ ਰੱਖਣੀ ਚਾਹੀਦੀ ਤਾਂ ਜੋ ਵਾਤਾਵਰਨ ’ਤੇ ਮਾੜਾ ਅਸਰ ਨਾ ਪਵੇ। ਇਸ ਦੌਰਾਨ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀ ਕਮਿਊਨਟੀ ਡਿਵੈਲਪਮੈਂਟ ਸਪੈਸ਼ਲਿਸਟ ਸੂਬਾ ਪੱਧਰੀ ਕੋਆਰਡੀਨੇਟਰ ਸਿਵੀਆ ਸ਼ਰਮਾ ਨੇ ਸਵੱਛ ਭਾਰਤ ਮਿਸ਼ਨ ਤਹਿਤ ਲੋਕਾਂ ਨੂੰ ਗਿੱਲੇ ਤੇ ਸੁੱਕੇ ਕੂੜੇ ਦੀ ਮਹੱਤਤਾ ਬਾਰੇ ਵਿਸਥਾਰ ’ਚ ਜਾਣਕਾਰੀ ਦਿੱਤੀ ਸਰਕਾਰ ਵੱਲੋਂ ਕੀਤੀ ਜਾ ਰਹੀ ਮਾਲੀ ਮਦਦ ਸਬੰਧੀ ਜਾਗਰੂਕ ਕੀਤਾ।