ਜਸਵੰਤ ਜੱਸ
ਫ਼ਰੀਦਕੋਟ, 8 ਅਕਤੂਬਰ
ਫ਼ਰੀਦਕੋਟ ਵਿੱਚ ਰਿਜ਼ਨਲ ਟਰਾਂਸਪੋਰਟ ਅਥਾਰਟੀ ਦੇ ਦਫ਼ਤਰ ਵਿੱਚ ਪਿਛਲੇ ਤਿੰਨ ਮਹੀਨਿਆਂ ਤੋਂ ਸਕੱਤਰ ਦੀ ਨਿਯੁਕਤੀ ਨਾ ਹੋਣ ਕਾਰਨ ਤਿੰਨ ਜ਼ਿਲ੍ਹਿਆਂ ਦੇ ਲੋਕ ਪ੍ਰਭਾਵਿਤ ਹਨ। ਫ਼ਰੀਦਕੋਟ ਆਰਟੀਏ ਦਫ਼ਤਰ ਅਧੀਨ ਮੋਗਾ ਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵੀ ਆਉਂਦੇ ਹਨ। ਸਕੱਤਰ ਦੀ ਆਸਾਮੀ ਖਾਲੀ ਹੋਣ ਕਾਰਨ ਇਨ੍ਹਾਂ ਜ਼ਿਲ੍ਹਿਆਂ ਦੇ ਲੋਕਾਂ ਨੂੰ ਟਰਾਂਸਪੋਰਟ ਨਾਲ ਸਬੰਧਿਤ ਕੋਈ ਵੀ ਸਹੂਲਤ ਜਾਂ ਸਹਾਇਤਾ ਨਹੀਂ ਮਿਲ ਰਹੀ। ਦਫ਼ਤਰ ਦੇ ਸੂਤਰਾਂ ਅਨੁਸਾਰ ਪਿਛਲੇ 70 ਦਿਨਾਂ ਤੋਂ ਦਫ਼ਤਰ ਦੀ ਡਾਕ ਉੱਪਰ ਦਸਤਖ਼ਤ ਕਰਨ ਲਈ ਕੋਈ ਵੀ ਅਧਿਕਾਰੀ ਮੌਜੂਦ ਨਹੀਂ ਹੈ।
ਇੱਥੇ ਪਹਿਲਾਂ ਸਹਾਇਕ ਟਰਾਂਸਪੋਰਟ ਅਧਿਕਾਰੀ ਨਿਯੁਕਤ ਕੀਤਾ ਗਿਆ ਸੀ ਪਰ ਪਿਛਲੇ ਸੱਤ ਮਹੀਨਿਆਂ ਤੋਂ ਸਹਾਇਕ ਟਰਾਂਸਪੋਰਟ ਅਧਿਕਾਰੀ ਦਾ ਵੀ ਇੱਥੋਂ ਤਬਾਦਲਾ ਹੋ ਗਿਆ ਹੈ। ਬਾਰ ਐਸੋਸੀਏਸ਼ਨ ਦੇ ਮੈਂਬਰ ਗੁਰਤਾਜ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਸਰਕਾਰ ਕੰਡਕਟਰਾਂ ਦੀਆਂ ਆਸਾਮੀਆਂ ਭਰਨਾ ਚਾਹੁੰਦੀ ਸੀ ਪਰ ਸਕੱਤਰ ਦੀ ਆਸਾਮੀ ਖਾਲੀ ਹੋਣ ਕਾਰਨ ਪਿਛਲੇ 90 ਦਿਨ ਤੋਂ ਕਿਸੇ ਵੀ ਕੰਡਕਟਰ ਨੂੰ ਲਾਇਸੈਂਸ ਜਾਰੀ ਨਹੀਂ ਹੋ ਸਕਿਆ।
ਇਸ ਤੋਂ ਇਲਾਵਾ ਆਰਟੀਏ ਦਫ਼ਤਰ ਹਰ ਮਹੀਨੇ ਸਰਕਾਰ ਦੇ ਖਾਤੇ ਵਿੱਚ ਚਾਰ ਕਰੋੜ ਰੁਪਏ ਟੈਕਸ ਦੇ ਜਮ੍ਹਾਂ ਕਰਦਾ ਸੀ ਪਰ ਹੁਣ ਇਸ ਟੈਕਸ ਦੀ ਉਗਰਾਹੀ ਵੀ ਨਹੀਂ ਹੋ ਰਹੀ ਅਤੇ ਵਿਦੇਸ਼ਾਂ ਵਿੱਚ ਪੜ੍ਹਣ ਲਈ ਜਾਣ ਵਾਲੇ ਬੱਚਿਆਂ ਨੂੰ ਲਾਇਸੈਂਸਾਂ ਦੀ ਵੈਰੀਫਿਕੇਸ਼ਨ ਵੀ ਜਾਰੀ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਭਾਰੇ ਵਾਹਨਾਂ ਨੂੰ ਫਿਟਨੈੱਸ ਸਰਟੀਫਿਕੇਟ ਅਤੇ ਰਜਿਸਟਰੇਸ਼ਨ ਸਰਟੀਫਿਕੇਟ ਵੀ ਜਾਰੀ ਨਹੀਂ ਹੋ ਰਹੇ। ਇਸ ਕਰ ਕੇ ਟਰਾਂਸਪੋਰਟ ਨਾਲ ਸਬੰਧਿਤ ਕਾਰੋਬਾਰ ਪ੍ਰਭਾਵਿਤ ਹੋ ਰਹੇ ਹਨ। ਸੂਚਨਾ ਅਨੁਸਾਰ ਸਕੱਤਰ ਦੀ ਆਸਾਮੀ ਖਾਲੀ ਹੋਣ ਕਾਰਨ ਉਸ ਦਾ ਵਾਧੂ ਚਾਰਜ ਐੱਸਡੀਐੱਮ ਫ਼ਰੀਦਕੋਟ ਨੂੰ ਦਿੱਤਾ ਗਿਆ ਹੈ ਜੋ ਪਹਿਲਾਂ ਹੀ ਜ਼ਿਲ੍ਹੇ ਵਿੱਚ ਚੱਲ ਰਹੇ ਕਈ ਪ੍ਰਾਜੈਕਟਾਂ ਦੇ ਨੋਡਲ ਅਫ਼ਸਰ ਹਨ ਅਤੇ ਉਹ ਆਰਟੀ ਦਫ਼ਤਰ ਦੀਆਂ ਜ਼ਿੰਮੇਵਾਰੀਆਂ ਸੰਭਾਲਣ ਤੋਂ ਅਸਮਰੱਥ ਹਨ ਅਤੇ ਉਹ ਪਿਛਲੇ ਕੁਝ ਦਿਨਾਂ ਤੋਂ ਛੁੱਟੀ ’ਤੇ ਚੱਲ ਰਹੇ ਹਨ।
ਹਫ਼ਤੇ ਵਿੱਚ ਹੋ ਜਾਵੇਗੀ ਨਿਯੁਕਤੀ: ਸੇਖੋਂ
ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ। ਉਨ੍ਹਾਂ ਨੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਇਸ ਸਮੱਸਿਆ ਤੋਂ ਜਾਣੂ ਕਰਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਗਲੇ ਇੱਕ ਹਫ਼ਤੇ ਵਿੱਚ ਆਰਟੀਏ ਸਕੱਤਰ ਦੀ ਫ਼ਰੀਦਕੋਟ ਵਿੱਚ ਪੱਕੀ ਨਿਯੁਕਤੀ ਹੋ ਜਾਵੇਗੀ।