ਪਵਨ ਗੋਇਲ
ਭੁੱਚੋ ਮੰਡੀ, 23 ਅਪਰੈਲ
ਪਿੰਡ ਚੱਕ ਫ਼ਤਿਹ ਸਿੰਘ ਵਾਲਾ ਅਤੇ ਭਾਈ ਹਰਜੋਗਿੰਦਰ ਨਗਰ ਦੇ ਵਸਨੀਕਾਂ ਨੇ ਪੰਚਾਇਤਾਂ ਦੀ ਅਗਵਾਈ ਹੇਠ ਅੱਜ ਦਾਣਾ ਮੰਡੀ ਵਿੱਚ ਚੱਲ ਰਹੇ ਠੇਕੇ ਨੂੰ ਤਾਲਾ ਲਗਾ ਕੇ ਧਰਨਾ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਦਾਣਾ ਮੰਡੀ ਅਤੇ ਬਾਬਾ ਜੀਵਨ ਸਿੰਘ ਗੁਰਦੁਆਰੇ ਨੇੜਲੇੇ ਠੇਕਿਆਂ ਸਮੇਤ ਪਿੰਡ ਵਿੱਚ ਵਿਕ ਰਹੇ ਨਸ਼ਿਆਂ ਨੂੰ ਤੁਰੰਤ ਬੰਦ ਕਰਵਾਇਆ ਜਾਵੇ। ਇਸ ਮੌਕੇ ਪਿੰਡ ਚੱਕ ਰਾਮ ਸਿੰਘ ਵਾਲਾ ਦੇ ਸਰਪੰਚ ਸਰਬਜੀਤ ਸਿੰਘ ਸਮੇਤ ਪਿੰਡ ਵਾਸੀਆਂ ਨੇ ਸਹਿਯੋਗ ਦਿੱਤਾ। ਇਸ ਮੌਕੇ ਸਰਪੰਚ ਅਮਰਿੰਦਰ ਸਿੰਘ, ਪੰਚ ਭੀਮ ਸਿੰਘ, ਪੰਚ ਬਿੰਟੂ ਸਿੰਘ, ਪੰਚ ਬਲਵੀਰ ਸਿੰਘ, ਪੰਚ ਗੁਰਪ੍ਰੀਤ ਸਿੰਘ, ਸਾਬਕਾ ਪੰਚ ਬੂਟਾ ਸਿੰਘ, ਤੇਜ ਕੌਰ, ਜਸਵਿੰਦਰ ਕੌਰ, ਕਿਰਨਾ ਰਾਣੀ, ਗੁਰਦੀਪ ਕੌਰ, ਜਸਪ੍ਰੀਤ ਕੌਰ ਅਤੇ ਜਸਵੀਰ ਕੌਰ ਨੇ ਕਿਹਾ ਕਿ ਠੇਕੇਦਾਰ ਨੇ 7 ਦਿਨਾਂ ਦੀ ਮੋਹਲਤ ਮੰਗੀ ਸੀ, ਜੋ ਪੂਰੀ ਹੋ ਗਈ ਹੈ, ਪਰ ਠੇਕੇ ਬੰਦ ਨਹੀਂ ਹੋਏ। ਉਨ੍ਹਾਂ ਕਿਹਾ ਕਿ ਠੇਕੇ ਬੰਦ ਹੋਣ ਤੱਕ ਸੰਘਰਸ਼ ਜਾਰੀ ਰਹੇਗਾ। ਠੇਕੇਦਾਰ ਦੇ ਸਰਕਲ ਇੰਚਾਰਜ ਜੋਗਿੰਦਰ ਪਾਲ ਨੇ ਕਿਹਾ ਕਿ ਦਾਣਾ ਮੰਡੀ ਵਿੱਚ ਚੱਲ ਰਿਹਾ ਠੇਕਾ ਸਰਕਾਰ ਤੋਂ ਮਨਜ਼ੂਰਸ਼ੁਦਾ ਹੈ ਅਤੇ ਪਿਛਲੇ 10 ਸਾਲਾਂ ਤੋਂ ਚੱਲ ਰਿਹਾ ਹੈ। ਪੰਚਾਇਤ ਬਾਕਾਇਦਾ ਇਸ ਦੁਕਾਨ ਦਾ ਕਿਰਾਇਆ ਵਸੂਲ ਰਹੀ ਹੈ। ਪਿੰਡ ਵਿਚਲੀ ਚਾਰ ਸਾਲਾਂ ਤੋਂ ਚੱਲ ਰਹੀ ਸ਼ਾਖਾ ਨੂੰ ਕੱਲ੍ਹ ਬੰਦ ਕਰ ਦਿੱਤਾ ਗਿਆ ਹੈ।