ਗੁਰਜੀਤ ਭੁੱਲਰ
ਰਾਮਪੁਰਾ ਫੂਲ, 20 ਅਗਸਤ
ਪਿੰਡ ਚਾਉਕੇ ਤੋਂ ਆਪਣੀ ਡਿਊਟੀ ਖ਼ਤਮ ਕਰਕੇ ਪਿਛਲੇ ਦਿਨੀਂ ਪਿੰਡ ਭੂੰਦੜ ਜਾ ਰਹੇ ਗੁਰਸਿੱਖ ਨੌਜਵਾਨ ਦੀ ਹੋਈ ਕੁੱਟਮਾਰ ਦੇ ਮਾਮਲੇ ਵਿਚ ਪਰਿਵਾਰ ਨੂੰ ਇਨਸਾਫ਼ ਨਾ ਮਿਲਣ ’ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਅਗਵਾਈ ਹੇਠ ਪਿੰਡ ਵਾਸੀਆਂ ਵੱਲੋਂ ਥਾਣਾ ਬਾਲਿਆਂਵਾਲੀ ਅੱਗੇ ਧਰਨਾ ਲਾ ਦਿੱਤਾ ਗਿਆ ਹੈ। ਜ਼ਖਮੀ ਨੌਜਵਾਨ ਦੇ ਤਾਇਆ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਲੜਕਾ ਰਵਿੰਦਰ ਸਿੰਘ 14 ਅਗਸਤ ਨੂੰ ਸੁਵਿਧਾ ਸੈਂਟਰ ਚਾਉਕੇ ਤੋਂ ਸ਼ਾਮ ਵੇਲੇ ਡਿਊਟੀ ਤੋਂ ਪਰਤ ਰਿਹਾ ਸੀ ਤਾਂ ਪਿੰਡ ਖੋਖਰ ਦੀ ਪਾਣੀ ਵਾਲੀ ਟੈਂਕੀ ਕੋਲ ਗੱਡੀ ’ਚ ਅਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਬਿਨਾਂ ਕੋਈ ਗੱਲ ਸੁਣੇ ਉਨ੍ਹਾਂ ਦੇ ਲੜਕੇ ਦੀ ਕੁੱਟਮਾਰ ਕੀਤੀ ਅਤੇ ਕਕਾਰਾਂ ਦੀ ਬੇਅਦਬੀ ਕਰਕੇ ਉਸ ਦੀ ਪੱਗ ਲਾਹ ਦਿੱਤੀ। ਇਸ ਦੌਰਾਨ ਉਹ ਜ਼ਖਮੀ ਹੋ ਗਿਆ ਤੇ ਉਸ ਨੂੰ ਪਿੰਡ ਵਾਸੀਆਂ ਨੇ ਰਾਮਪੁਰਾ ਫੂਲ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਲੜਕਾ ਗੱਤਕੇ ’ਚ ਪੰਜਾਬ ਪੱਧਰ ਦਾ ਖਿਡਾਰੀ ਰਿਹਾ ਹੈ। ਉਨ੍ਹਾਂ ਆਖਿਆ ਕਿ ਇਹ ਧਰਨਾ ਇਨਸਾਫ਼ ਮਿਲਣ ਤੱਕ ਜਾਰੀ ਰਹੇਗਾ। ਧਰਨਾਕਾਰੀਆਂ ਨੇ ਕਿਹਾ ਕਿ ਉਹ ਪੁਲੀਸ ਤੋਂ ਮੰਗ ਕਰਦੇ ਹਨ ਕਿ ਮੁਲਜ਼ਮਾਂ ਖ਼ਿਲਾਫ਼ ਐਫਆਰਆਈ ਦਰਜ ਕਰਕੇ ਉਨ੍ਹਾਂ ਨੂੰ ਐੱਫਆਈਆਰ ਦੀ ਕਾਪੀ ਦਿੱਤੀ ਜਾਵੇ। ਥਾਣਾ ਬਾਲਿਆਂਵਾਲੀ ਦੇ ਮੁਖੀ ਦਰਸ਼ਨ ਸਿੰਘ ਨੇ ਕਿਹਾ ਕਿ ਜ਼ਖਮੀ ਨੌਜਵਾਨ ਦੇ ਬਿਆਨ ਦਰਜ ਕਰਕੇ ਬਣਦੀ ਕਾਰਵਾਈ ਕਰ ਦਿੱਤੀ ਗਈ ਹੈ।