ਬਲਜੀਤ ਸਿੰਘ
ਸਰਦੂਲਗੜ੍ਹ, 20 ਨਵੰਬਰ
ਪਾਵਰਕੌਮ ਮੁਲਾਜ਼ਮ ਮੰਗਾਂ ਦੀ ਪੂਰਤੀ ਲਈ ਹੜਤਾਲ ’ਤੇ ਹਨ। ਇਸੇ ਦੌਰਾਨ ਪਿਛਲੇ ਚਾਰ ਦਿਨਾਂ ਤੋਂ ਸਰਦੂਲਗੜ੍ਹ ਸ਼ਹਿਰ ਦੀ ਬਿਜਲੀ ਸਪਲਾਈ ਬੰਦ ਹੋਣ ਕਾਰਨ ਲੋਕ ਪ੍ਰੇਸ਼ਾਨ ਹਨ। ਸ਼ਹਿਰ ਵਾਸੀ ਬਿਜਲੀ ਸਪਲਾਈ ਚਾਲੂ ਕਰਾਉਣ ਲਈ ਜਦੋਂ ਐੱਸਡੀਓ ਸਰਦੂਲਗੜ੍ਹ ਕੋਲ ਸ਼ਿਕਾਇਤ ਲੈ ਕੇ ਗਏ ਤਾਂ ਹੜਤਾਲ ’ਤੇ ਬੈਠੇ ਅਦਾਰੇ ਦੇ ਕਰਮਚਾਰੀਆਂ ਨੇ ਇਸ ਦਾ ਵਿਰੋਧ ਕੀਤਾ। ਇਸ ਮਗਰੋਂ ਸ਼ਹਿਰ ਵਾਸੀ ਅਤੇ ਮਹਿਕਮੇ ਦੇ ਕਰਮਚਾਰੀ ਆਹਮੋ-ਸਾਹਮਣੇ ਹੋ ਗਏ। ਇਸ ਮਾਮਲੇ ਨੂੰ ਲੈ ਕੇ ਦੋਵਾਂ ਧਿਰਾਂ ਵੱਲੋਂ ਪਾਵਰਕੌਮ ਦਫ਼ਤਰ ’ਚ ਧਰਨਾ ਲਗਾ ਦਿੱਤਾ ਗਿਆ। ਹਾਲਾਤ ਵਿਗੜਦੇ ਦੇਖ ਕੇ ਥਾਣਾ ਮੁਖੀ ਸਰਦੂਲਗੜ੍ਹ ਸੰਦੀਪ ਭਾਟੀ ਨੇ ਮੌਕੇ ’ਤੇ ਪਹੁੰਚ ਕੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾਇਆ।
ਸ਼ਹਿਰ ਵਾਸੀਆਂ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਰਿੰਪੀ ਬਰਾੜ, ਭੁਪਿੰਦਰ ਸਿੰਘ, ਚਰਨ ਦਾਸ ਚਰਨੀ ਅਤੇ ਕਾਮਰੇਡ ਬੰਸ਼ੀ ਲਾਲ ਆਦਿ ਨੇ ਕਿਹਾ ਕਿ ਸ਼ਹਿਰ ’ਚ ਪਿਛਲੇ 4 ਦਿਨਾਂ ਤੋਂ ਬਿਜਲੀ ਸਪਲਾਈ ਬਿਲਕੁਲ ਬੰਦ ਪਈ ਹੈ, ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸ਼ਹਿਰ ਵਿੱਚ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇ।
ਦੂਜੇੇ ਪਾਸੇ, ਬਿਜਲੀ ਬੋਰਡ ਦੇ ਕਰਮਚਾਰੀ ਵੀ ਆਪਣੀਆਂ ਮੰਗਾਂ ਸਬੰਧੀ ਧਰਨੇ ’ਤੇ ਬੈਠੇ ਹੋਏ ਹਨ। ਮੁਲਾਜ਼ਮ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਸੂਬਾ ਸਰਕਾਰ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਦਿੰਦੀ ਤਾਂ ਧਰਨਾ ਲਗਾਤਾਰ ਜਾਰੀ ਰਹੇਗਾ। ਇਸ ਸਬੰਧੀ ਬਿਜਲੀ ਬੋਰਡ ਦੇ ਐੱਸ.ਡੀ.ਓ. ਰਾਜੀਵ ਸਿੰਗਲਾ ਨੇ ਕਿਹਾ ਕਿ ਸ਼ਹਿਰ ਦੀ ਸਪਲਾਈ ਚਲਾ ਦਿੱਤੀ ਗਈ ਹੈ।
ਬਿਜਲੀ ਸਪਲਾਈ ਠੱਪ ਹੋਣ ’ਤੇ ਨਾਅਰੇਬਾਜ਼ੀ
ਸ਼ਹਿਣਾ (ਪੱਤਰ ਪ੍ਰੇਰਕ): ਬਲਾਕ ਸ਼ਹਿਣਾ ਦੇ ਪਿੰਡ ਜਗਜੀਤਪੁਰਾ ’ਚ ਰਾਤ ਤੋਂ ਲੈ ਕੇ ਬੰਦ ਹੋਈ ਬਿਜਲੀ ਸਪਲਾਈ ਸਬੰਧੀ ਲੋਕ ਭੜਕ ਗਏ। ਪਿੰਡ ਵਾਸੀਆਂ ਨੇ ਪੱਖੋਕੇ ਬਿਜਲੀ ਗਰਿੱਡ ਅੱਗੇ ਨਾਅਰੇਬਾਜ਼ੀ ਕੀਤੀ। ਪਿੰਡ ਵਾਸੀਆਂ ਨੇ ਦੱਸਿਆ ਕਿ ਰਾਤ 8 ਵਜੇ ਤੋਂ ਬਿਜਲੀ ਸਪਲਾਈ ਬੰਦ ਹੋਣ ਕਾਰਨ ਪੀਣ ਵਾਲੇ ਪਾਣੀ ਦੀ ਕਮੀ ਪੈ ਗਈ। ਜ਼ਿਕਰਯੋਗ ਹੈ ਕਿ ਪਾਵਰਕੌਮ ਦੇ ਕਰਮਚਾਰੀਆਂ ਦੀ ਹੜਤਾਲ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਮੁਲਾਜ਼ਮਾਂ ਦੀ ਹੜਤਾਲ ਸੀ ਤਾਂ ਵਿਭਾਗ ਨੂੰ ਬਦਲਵੇਂ ਪ੍ਰਬੰਧ ਕਰਨੇ ਚਾਹੀਦੇ ਸਨ।