ਪੱਤਰ ਪ੍ਰੇਰਕ
ਜ਼ੀਰਾ, 12 ਮਈ
ਸ਼ਹਿਰ ਦੇ ਮੱਲੋਕੇ ਰੋਡ ਤੋਂ ਮੱਖੂ ਰੋਡ ਤੱਕ ਸਰਾਭਾ ਨਗਰ ਦੀ ਕਰੀਬ ਅੱਧਾ ਕਿਲੋਮੀਟਰ ਟੁੱਟੀ ਸੜਕ ਨੂੰ ਬਣਾਉਣ ਵਾਸਤੇ ਸਬੰਧਤ ਨਗਰ ਕੌਂਸਲ ਜ਼ੀਰਾ ਦੇ ਅਧਿਕਾਰੀਆਂ ਨੂੰ ਮੁਹੱਲਾ ਵਾਸੀ ਕਈ ਵਾਰ ਬੇਨਤੀ ਕਰ ਚੁਕੇ ਹਨ ਪਰ ਪ੍ਰਸ਼ਾਸਨ ਇਸ ਸੜਕ ਨੂੰ ਨਹੀਂ ਬਣਾ ਰਿਹਾ। ਮੁਹੱਲਾ ਵਾਸੀਆਂ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਦੌਰਾਨ ਵੀ ਕੋਈ ਸੁਣਵਾਈ ਨਹੀਂ ਹੋਈ ਅਤੇ ਹੁਣ ਵੀ ਵਾਰ-ਵਾਰ ਬੇਨਤੀਆਂ ਕਰਨ ’ਤੇ ਪ੍ਰਸ਼ਾਸਨ ਟੱਸ ਤੋਂ ਮੱਸ ਨਹੀਂ ਹੋ ਰਿਹਾ। ਸਰਾਭਾ ਨਗਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਸਰਕਾਰ ਅੱਠ ਮਹੀਨੇ ਤੋਂ ਅਧੂਰੀ ਪਈ ਇਸ ਸੜਕ ਨੂੰ ਜਲਦ ਬਣਾਵੇ। ਸਾਹਿਤਕਾਰ ਡਾ. ਨੂਰਪੁਰ ਨੇ ਕਿਹਾ ਕਿ ਈ.ਓ ਵੱਲੋਂ ਉਨ੍ਹਾਂ ਨਾਲ ਕੀਤੇ ਗਲਤ ਵਿਵਹਾਰ ਦਾ ਨੋਟਿਸ ਲਿਆ ਜਾਵੇ। ਇਸ ਸਬੰਧੀ ਈਓ ਧਰਮਪਾਲ ਸਿੰਘ ਜ਼ੀਰਾ ਨੇ ਕਿਹਾ ਕਿ ਉਨ੍ਹਾਂ ਨੇ ਕਿਸੇ ਨਾਲ ਵੀ ਅਪਸ਼ਬਦ ਨਹੀਂ ਬੋਲੇ। ਉਨ੍ਹਾਂ ਕਿਹਾ ਕਿ ਇਸ ਸੜਕ ਤੋਂ ਸੀਵਰੇਜ ਦੇ 2 ਮੇਨ ਹੋਲ ਮਿਲ ਗਏ ਹਨ, ਬਾਕੀ ਮੇਨ ਹੋਲ ਵੀ ਲੱਭ ਕਿ ਸੜਕ ਜਲਦ ਬਣਾ ਦਿੱਤੀ ਜਾਵੇਗੀ।