ਮਨੋਜ ਸ਼ਰਮਾ
ਬਠਿੰਡਾ, 3 ਜੂਨ
ਜੂਨ ਮਹੀਨੇ ਦੇ ਸ਼ੁਰੂ ਵਿੱਚ ਆਮ ਕਰਕੇ ਬੇਹੱਦ ਗਰਮੀ ਪੈਂਦੀ ਹੈ ਪਰ ਪਿਛਲੇ ਦਿਨੀਂ ਪਏ ਮੀਂਹ ਕਾਰਨ ਇਸ ਇਲਾਕੇ ਵਿੱਚ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਬਠਿੰਡਾ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਹੈ ਕਿ ਜੂਨ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਅਤੇ ਲੋਕਾਂ ਨੇ ਕੂਲਰ ਨਹੀਂ ਚਲਾਏ। ਰਾਤ ਵੇਲੇ ਠੰਢਕ ਮਹਿਸੂਸ ਹੁੰਦੀ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਕੈਂਪਸ ਨੇ 2 ਜੂਨ ਤੋਂ 6 ਜੂਨ ਤੱਕ ਬਠਿੰਡਾ ਦੇ ਆਸ ਪਾਸ ਦੇ ਖੇਤਰ ਵਿਚ ਹਲਕੀ ਤੇ ਦਰਮਿਆਨੀ ਬਾਰਸ਼ ਅਤੇ ਗਰਜ ਚਮਕ ਨਾਲ ਬਿਜਲੀ ਤੇ ਤੇਜ਼ ਹਵਾਵਾਂ ਚੱਲਣ ਦੀ ਪੇਸ਼ੀਗਨੋਈ ਕੀਤੀ ਹੋਈ ਹੈ। ਬੀਤੇ 2 ਦਿਨਾਂ ’ਤੇ ਝਾਤ ਮਾਰੀ ਜਾਵੇ ਤਾਂ ਬਠਿੰਡਾ ਵਿੱਚ 2 ਜੂਨ ਦਾ ਘੱਟ ਤੋਂ ਘੱਟ ਤਾਪਮਾਨ 22.5 ਡਿਗਰੀ ਸੈਲੀਸੀਅ ਦਰਜ ਕੀਤਾ ਗਿਆ ਜਦੋਂ ਕਿ ਵੱਧ ਤੋਂ ਵੱਧ ਤਾਪਮਾਨ 35.5 ਡਿਗਰੀ ਸੈਲਸੀਅਸ ਰਿਹਾ ਹੈ। ਇਸ ਤਰ੍ਹਾਂ ਹੀ 3 ਜੂਨ ਨੂੰ ਘੱਟ ਤੋਂ ਘੱਟ ਤਾਪਮਾਨ 23 .6 ਅਤੇ ਵੱਧ ਤੋਂ ਵੱਧ ਤਾਪਮਾਨ 35.4 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਅਨੁਸਾਰ ਮਾਲਵੇ ਖੇਤਰ ਵਿੱਚ ਹਲਕਾ ਮੀਂਹ ਪੈਣ ਦੇ ਅਸਾਰ ਹਨ। ਲੋਕਾਂ ਨੂੰ ਕੁਝ ਦਿਨ ਹੋਰ ਗਰਮੀ ਤੋਂ ਰਾਹਤ ਮਹਿਸੂਸ ਹੁੰਦੀ ਰਹੇਗੀ।
ਖੇਤੀਬਾੜੀ ਵਿਭਾਗ ਦੇ ਚੀਫ਼ ਡਾਕਟਰ ਬਹਾਦਰ ਸਿੰਘ ਦਾ ਕਹਿਣਾ ਹੈ ਕਿ ਜੇਕਰ ਬਰਸਾਤ ਹਲਕੀ ਤੇ ਦਰਮਿਆਨੀ ਰਹਿੰਦੀ ਤਾਂ ਖੇਤੀ ਲਈ ਲਾਹੇਵੰਦ ਸਿੱਧ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਸਮੇਂ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਕਰ ਰਹੇ ਹਨ, ਉਨ੍ਹਾਂ ਨੂੰ ਬਰਸਾਤ ਦਾ ਫ਼ਾਇਦਾ ਹੋਵੇਗਾ। ਉਨ੍ਹਾਂ ਕਿਹਾ ਜੇਕਰ ਤੇਜ਼ ਬਾਰਸ਼ ਹੁੰਦੀ ਤਾਂ ਨੀਵੇਂ ਖੇਤਰ ਵਿੱਚ ਬੀਜੀਆਂ ਗਈਆਂ ਸਬਜ਼ੀਆਂ ਦੀ ਫ਼ਸਲ ਖ਼ਰਾਬ ਹੋ ਸਕਦੀ ਹੈ।