ਲਖਵਿੰਦਰ ਸਿੰਘ
ਮਲੋਟ, 1 ਜੁਲਾਈ
ਪਿੰਡ ਛਾਪਿਆਂਵਾਲੀ ’ਚ ਇੱਕ ਰਸੂਖਦਾਰ ਵਿਅਕਤੀ ਵੱਲੋਂ ਨਹਿਰੀ ਵਿਭਾਗ ਦੇ ਨਿਯਮਾਂ ਤੋਂ ਕਥਿਤ ਉਲਟ ਢੰਗ ਨਾਲ ਆਪਣੇ ਖੇਤਾਂ ਨੂੰ ਪਾਣੀ ਲਿਜਾਣ ਤੋਂ ਖ਼ਫ਼ਾ ਅੱਧੀ ਦਰਜਨ ਢਾਣੀਆਂ ਅਤੇ ਪਿੰਡ ਛਾਪਿਆਂਵਾਲੀ , ਕੋਲਿਆਂਵਾਲੀ ਦੇ ਬਹੁ-ਗਿਣਤੀ ਬਸ਼ਿੰਦਿਆਂ ਸਮੇਤ ਔਰਤਾਂ ਨੇ ਨਹਿਰੀ ਵਿਭਾਗ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ। ਸਥਿਤੀ ਤਣਾਅਪੂਰਨ ਹੋਣ ਕਾਰਨ ਇੱਕ ਡੀਐੱਸਪੀ ਦੀ ਅਗਵਾਈ ਹੇਠ ਵੱਡੀ ਗਿਣਤੀ ਸੁਰੱਖਿਆ ਮੁਲਾਜ਼ਮ ਮੌਕੇ ’ਤੇ ਤਾਇਨਾਤ ਕੀਤੇ ਗਏ।
ਪਿੰਡ ਕੋਲਿਆਂਵਾਲੀ ਦੇ ਵਸਨੀਕ ਕਿਸਾਨ ਆਗੂ ਡਾਕਟਰ ਜਗਬੀਰ ਸਿੰਘ ਨੇ ਦੱਸਿਆ ਕਿ ਲੰਮੇਂ ਸਮੇਂ ਤੋਂ ਨਹਿਰੀ ਪਾਣੀ ਨੂੰ ਲੈ ਕੇ ਪਿੰਡ ਮਹਿਣਾ ਦੇ ਕਿਸਾਨ ਕੁਲਦੀਪ ਸਿੰਘ ਅਤੇ ਜਸਵਿੰਦਰ ਸਿੰਘ ਵਿਚਾਲੇ ਝਗੜਾ ਚੱਲ ਰਿਹਾ ਸੀ, ਕਿਉਂਕਿ ਉਕਤ ਕੁਲਦੀਪ ਸਿੰਘ ਨੂੰ ਨਹਿਰੀ ਵਿਭਾਗ ਵੱਲੋਂ ਪਾਣੀ ਅਬੁੱਲਖੁਰਾਣਾ ਮਾਈਨਰ ’ਚੋਂ ਦਿੱਤਾ ਗਿਆ ਹੈ ਪਰ ਉਹ ਆਪਣਾ ਰਸੂਖ ਵਰਤ ਕੇ ਪਾਣੀ ਸੁਖਚੈਨ ਮਾਈਨਰ ’ਚੋਂ ਆਪਣੇ ਖੇਤਾਂ ਤੱਕ ਪਹੁੰਚਾਉਣਾ ਚਾਹੁੰਦਾ ਹੈ। ਅਬੁੱਲਖੁਰਾਣਾ ਮਾਈਨਰ ’ਚੋਂ ਪਾਣੀ ਵੀ ਟੋਕਵਾਂ ਪੈਂਦਾ ਹੈ ਜਦਕਿ ਸੁਖਚੈਨ ਮਾਈਨਰ ’ਚੋਂ ਪਾਣੀ ਚੁੱਕ ਕੇ ਲਿਜਾਣਾ ਪੈਂਦਾ ਹੈ। ਇਸ ਦਾ ਮੋਘੇ ’ਤੇ ਪੈਂਦੇ ਸਾਰੇ ਕਿਸਾਨਾਂ ਨੇ ਵਿਰੋਧ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪੁਲੀਸ ਵੀ ਸਿੱਧੇ-ਅਸਿੱਧੇ ਤਰੀਕੇ ਨਾਲ ਕੁਲਦੀਪ ਸਿੰਘ ਦੀ ਮਦਦ ਕਰ ਰਹੀ ਹੈ। ਮੌਕੇ ’ਤੇ ਮੌਜੂਦ ਕਿਸਾਨ ਮਹਿਲ ਸਿੰਘ ਨੇ ਆਪਣੀ ਪਿੱਠ ’ਤੇ ਖੂਨ ਦੇ ਨਿਸ਼ਾਨ ਦਿਖਾਉਂਦਿਆਂ ਦੱਸਿਆ ਕਿ ਉਹ ਜਦ ਮੌਕੇ ’ਤੇ ਪਹੁੰਚਿਆ ਤਾਂ ਡੀਐੱਸਪੀ ਮਲੋਟ ਜਸਪਾਲ ਸਿੰਘ ਤੇ ਹੋਰ ਮੁਲਾਜ਼ਮਾਂ ਨੇ ਉਨ੍ਹਾਂ ਦਾ ਮੋਬਾਈਲ ਫੋਨ ਖੋਹ ਕੇ ਉਸ ਨਾਲ ਕਥਿਤ ਤੌਰ ’ਤੇ ਧੱਕਾ-ਮੁੱਕੀ ਕੀਤੀ ਅਤੇ ਉਸ ਦੀ ਪਿੱਠ ’ਤੇ ਸੱਟ ਮਾਰੀ। ਅਖੀਰ ਕਿਸਾਨਾਂ ਦੇ ਵਿਰੋਧ ਨੂੰ ਭਾਂਪਦਿਆਂ ਪੁਲੀਸ ਅਤੇ ਕਿਸਾਨ ਕੁਲਦੀਪ ਸਿੰਘ ਮੌਕੇ ਤੋਂ ਚਲੇ ਗਏ। ਉਕਤ ਕਿਸਾਨ ਕੁਲਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹਨਾਂ ਕੋਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮ ਹਨ, ਜਿਸ ’ਚ ਨਹਿਰੀ ਵਿਭਾਗ ਨੂੰ ਹਦਾਇਤਾਂ ਹੋਈਆਂ ਹਨ ਕਿ ਸੁਖਚੈਨ ਮਾਈਨਰ ’ਚੋਂ ਪਾਣੀ ਦਿੱਤਾ ਜਾਵੇ। ਇਸੇ ਲਈ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੇ ਅੱਜ ਪੁਲੀਸ ਸੁਰੱਖਿਆ ਲੈ ਕੇ ਸੁਖਚੈਨ ਮਾਈਨਰ ’ਚੋਂ ਪਾਣੀ ਚਾਲੂ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਕਿਸਾਨਾਂ ਨੇ ਹਾਈ ਕੋਰਟ ਦੇ ਹੁਕਮਾਂ ਨੂੰ ਵੀ ਨਹੀਂ ਮੰਨਿਆਂ ਤੇ ਅਧਿਕਾਰੀਆਂ ਨੂੰ ਬੇਰੰਗ ਮੋੜ ਦਿੱਤਾ।
ਖਿੱਚ-ਧੂਹ ਦੇ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ: ਡੀਐਸਪੀ
ਡੀਐੱਸਪੀ ਮਲੋਟ ਜਸਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ’ਤੇ ਲਗਾਏ ਗਏ ਖਿੱਚ-ਧੂਹ ਦੇ ਇਲਜ਼ਾਮ ਬੇਬੁਨਿਆਦ ਹਨ। ਉਨ੍ਹਾਂ ਹਾਈ ਕੋਰਟ ਦੇ ਹੁਕਮਾਂ ਦੀ ਇੰਨ-ਬਿੰਨ ਤਾਮੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅਦਾਲਤ ਦੇ ਹੁਕਮਾਂ ਵਿੱਚ ਅੜਿੱਕਾ ਲਾਉਣ ਵਾਲੇ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।
ਕੋਰਟ ਦੀਆਂ ਹਦਾਇਤਾਂ ਦੀ ਕੀਤੀ ਪਾਲਣਾ: ਐਕਸੀਅਨ
ਨਹਿਰੀ ਵਿਭਾਗ ਦੇ ਐਕਸੀਅਨ ਰਮਨਦੀਪ ਸਿੰਘ ਮਾਨ ਨੇ ਕਿਹਾ ਕਿ ਕੁਲਦੀਪ ਸਿੰਘ ਕੋਲ ਪਾਣੀ ਸਬੰਧੀ ਹਾਈ ਕੋਰਟ ਦੇ ਆਰਡਰ ਹਨ, ਜਿਸ ਮੁਤਾਬਿਕ ਉਹ ਪੁਲੀਸ ਫੋਰਸ ਤੇ ਉੱਪ ਮੰਡਲ ਮਜਿਸਟ੍ਰੇਟ ਸਮੇਤ ਅੱਜ ਪਾਣੀ ਚਾਲੂ ਕਰਾਉਣ ਲਈ ਗਏ ਤਾਂ ਆਸ-ਪਾਸ ਦੇ ਕਿਸਾਨਾਂ ਨੇ ਵਿਰੋਧ ਕੀਤਾ, ਜੋ ਕਿਸੇ ਵੀ ਪੱਖ ਤੋਂ ਜਾਇਜ਼ ਨਹੀਂ। ਅਦਾਲਤ ਦੇ ਹੁਕਮਾਂ ਦੀ ਪਾਲਣਾ ਜ਼ਰੂਰੀ ਹੈ।