ਮਹਿੰਦਰ ਸਿੰਘ ਰੱਤੀਆਂ
ਮੋਗਾ, 11 ਜੁਲਾਈ
ਸਤਲੁਜ ’ਚ ਪਾਣੀ ਦਾ ਪੱਧਰ ਵਧਣ ਕਾਰਨ ਦਰਿਆ ਨੇੜਲੇ ਪਿੰਡ ਵਾਸੀਆਂ ’ਚ ਸਹਿਮ ਪੈਦਾ ਹੋ ਗਿਆ ਹੈ। ਦੂਜੇ ਪਾਸੇ ਐੱਸਡੀਐੱਮ ਅਤੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਵੱਲੋਂ ਸਥਿਤੀ ਦਾ ਜਾਇਜ਼ਾ ਲਿਆ ਗਿਆ। ਦਰਿਆ ਵਿੱਚ ਪਾਣੀ ਦਾ ਪੱਧਰ ਵੱਧਣ ਨਾਲ ਦਰਿਆ ਕੰਢੇ ਵਸਦੇ ਪਿੰਡਾਂ ਵਿਚ ਮੁੜ ਸਹਿਮ ਦਾ ਮਾਹੌਲ ਬਣਨ ਮਗਰੋਂ ਐੱਸਡੀਐੱਮ ਧਰਮਕੋਟ ਨਰਿੰਦਰ ਸਿੰਘ ਧਾਲੀਵਾਲ ਅਤੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਧੁੱਸੀ ਬੰਨ੍ਹ ਦਾ ਦੌਰਾ ਕਰ ਕੇ ਸਥਿਤੀ ਦਾ ਜਾਇਜ਼ਾ ਲਿਆ।
ਇਸ ਮੌਕੇ ਉਨ੍ਹਾਂ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਹਰ ਸੰਭਵ ਦਾ ਭਰੋਸਾ ਦਿੱਤਾ। ਪ੍ਰਭਾਵਿਤ ਖੇਤਰ ਦੇ ਲੋਕਾਂ ਨੇ ਕਿਹਾ ਕਿ ਬਰਸਾਤ ਕਾਰਨ ਪਾਣੀ ਦਾ ਪੱਧਰ ਵਧ ਰਿਹਾ ਹੈ। ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ ਤੇਜ਼ ਬਾਰਿਸ਼ ਹੋਣ ਦੀ ਦਿੱਤੀ ਚਿਤਾਵਨੀ ਤੋਂ ਬਾਅਦ ਦਰਿਆ ਕੋਲ ਰਹਿ ਰਹੇ ਲੋਕਾਂ ਵਿੱਚ ਚਿੰਤਾ ਦਾ ਮਾਹੌਲ ਹੈ।
ਇਸ ਮੌਕੇ ਕਿਸਾਨ ਬੋਗਾ ਸਿੰਘ ਪਿੰਡ ਸੰਘੇੜਾ ਅਤੇ ਸੁਰਜੀਤ ਸਿੰਘ ਪਿੰਡ ਬੋਗੇਵਾਲਾ ਤੇ ਹੋਰਾਂ ਨੇ ਦੱਸਿਆ ਕਿ ਜੇਕਰ ਪਾਣੀ ਪੂਰੇ ਬਹਾਅ ਨਾਲ ਅੱਗੇ ਨਹੀਂ ਛੱਡਿਆ ਗਿਆ ਤਾਂ ਦਰਿਆ ਦੇ ਨਾਲ ਲੱਗਦੇ ਪਿੰਡ ਪਾਣੀ ਵਿੱਚ ਡੁੱਬ ਸਕਦੇ ਹਨ ਅਤੇ ਖੇਤਾਂ ਵਿੱਚ ਖੜ੍ਹੀ ਫ਼ਸਲ ਤਬਾਹ ਹੋ ਸਕਦੀ ਹੈ। ਉਨ੍ਹਾਂ ਹੜ੍ਹ ਰੋਕਣ ਲਈ ਪੁਖਤਾ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ।
ਸਤਲੁਜ ਨਾਲ ਪ੍ਰਭਾਵਿਤ ਜ਼ਮੀਨਾਂ ਦਾ ਦੌਰਾ
ਫਤਹਿਗੜ੍ਹ ਪੰਜਤੂਰ (ਹਰਦੀਪ ਸਿੰਘ): ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਨੇ ਲੰਘੇ ਕੱਲ੍ਹ ਸਤਲੁਜ ਦਰਿਆ ਕਿਨਾਰੇ ਵਸਦੇ ਲਗਪਗ ਅੱਧੀ ਦਰਜਨ ਪਿੰਡਾਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਪਿੰਡ ਮੰਦਰ ਅਤੇ ਭੈਣੀ ਦੀਆਂ ਜ਼ਮੀਨਾਂ ਨੂੰ ਸਤਲੁਜ ਦਰਿਆ ਵੱਲੋਂ ਢਾਹ ਲਗਾਏ ਜਾਣ ਸਬੰਧੀ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਧਰਮਕੋਟ ਦੇ ਉਪ ਮੰਡਲ ਸਿਵਲ ਅਧਿਕਾਰੀ ਨਰਿੰਦਰ ਸਿੰਘ ਧਾਲੀਵਾਲ ਸਮੇਤ ਕਈ ਹੋਰ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ। ਕਾਂਗਰਸੀ ਆਗੂ ਸੁਖਰਾਜ ਸਿੰਘ ਰਾਜੂ ਸਾਬਕਾ ਸਰਪੰਚ ਮੇਲਕ ਦੀ ਰਿਹਾਇਸ਼ ’ਤੇ ਪ੍ਰਭਾਵਿਤ ਕਿਸਾਨਾਂ ਦੀਆਂ ਤਕਲੀਫ਼ਾਂ ਸੁਣੀਆਂ। ਉਨ੍ਹਾਂ ਕਿਹਾ ਕਿ ਉਹ ਇਹ ਮਾਮਲਾ ਤੁਰੰਤ ਮੁੱਖ ਮੰਤਰੀ ਪਾਸ ਊਠਾ ਕੇ ਸਬੰਧਤ ਥਾਵਾਂ ’ਤੇ ਪੱਥਰ ਦੀਆਂ ਨੋਚਾਂ ਲਗਾਉਣ ਦਾ ਕੰਮ ਸ਼ੁਰੂ ਕਰਵਾਉਣਗੇ। ਇਸ ਮੌਕੇ ਉਨ੍ਹਾਂ ਡੀਸੀ ਸੰਦੀਪ ਹੰਸ ਨਾਲ ਗੱਲਬਾਤ ਕੀਤੀ ਅਤੇ ਮਸਲੇ ਸਬੰਧੀ ਤੁਰੰਤ ਕਾਰਵਾਈ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ।