ਪੱਤਰ ਪ੍ਰੇਰਕ
ਸਰਦੂਲਗੜ੍ਹ, 14 ਅਕਤੂਬਰ
ਪਿਛਲੇ ਲੰਬੇ ਸਮੇਂ ਤੋੰ ਸਰਦੂਲਗੜ੍ਹ ਨੇੜੇ ਡਿੰਗ ਰੋਡ ਉੱਪਰ ਬਿਨਾਂ ਮਨਜ਼ੂਰੀ ਤੋਂ ਕੱਚਾ ਕੋਲਾ ਬਣਾਉਣ ਦਾ ਪਲਾਂਟ ਚੱਲ ਰਿਹਾ ਹੈ ਜੋ ਵਾਤਾਵਰਨ ਪ੍ਰਦੂਸ਼ਣ ਵਿੱਚ ਲਗਾਤਾਰ ਵਾਧਾ ਕਰਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਿਹਾ ਹੈ। ਇਸ ਪਾਸੇ ਅੱਜ ਤੱਕ ਸਬੰਧਤ ਮਹਿਕਮੇ ਜਾਂ ਲੋਕਲ ਪ੍ਰਸ਼ਾਸਨ ਦੀ ਨਜ਼ਰ ਨਹੀਂ ਪਈ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਮਲੂਕ ਸਿੰਘ ਹੀਰਕੇ ਅਤੇ ਆਮ ਲੋਕਾਂ ਦਾ ਕਹਿਣਾ ਹੈ ਕਿ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਨੂੰ ਗੱਲ-ਗੱਲ ’ਤੇ ਧਮਕੀਆਂ ਦੇਣ ਵਾਲੇ ਪ੍ਰਸ਼ਾਸਨ ਤੇ ਪ੍ਰਦੂਸ਼ਣ ਬੋਰਡ ਇਹ ਪਲਾਂਟ ਦਿਖਾਈ ਨਹੀਂ ਦੇ ਰਿਹਾ। ਪਲਾਂਟ ਤੋਂ ਅੱਧਾ ਕਿਲੋਮੀਟਰ ਦੇ ਘੇਰੇ ਵਿੱਚ ਪੰਜ ਵਿਦਿਅਕ ਅਦਾਰੇ ਚੱਲ ਰਹੇ ਹਨ ਜੋ ਜਾਣੇ-ਅਣਜਾਣੇ ਪ੍ਰਦੂਸ਼ਣ ਦੀ ਮਾਰ ਝੱਲ ਰਹੇ ਹਨ।
ਪ੍ਰਦੂਸ਼ਣ ਕਾਰਨ ਇੱਥੇ ਚਮੜੀ, ਸਾਹ ਰੋਗ ਅਤੇ ਅੱਖਾਂ ਆਦਿ ਦੇ ਰੋਗਾਂ ਵਿੰਚ ਵਾਧਾ ਹੋ ਰਿਹਾ ਹੈ। ਉਨ੍ਹਾਂ ਪਲਾਂਟ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗੀ ਕੀਤੀ। ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐੱਸਡੀਓ ਰਵੀਦੀਪ ਸਿੰਗਲਾ ਦਾ ਕਹਿਣਾ ਹੈ ਕਿ ਲਿਖਤੀ ਸ਼ਿਕਾਇਤ ਆਉਣ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।