ਪੱਤਰ ਪ੍ਰੇਰਕ
ਚਾਉਕੇ, 7 ਸਤੰਬਰ
ਰੇਲਵੇ ਸਟੇਸ਼ਨ ਬਚਾਓ ਸੰਘਰਸ਼ ਕਮੇਟੀ ਜੇਠੂਕੇ ਵੱਲੋਂ ਅੱਜ ਪਿੰਡ ਜੇਠੂਕੇ ਦੇ ਰੇਲਵੇ ਸਟੇਸ਼ਨ ’ਤੇ ਪੈਸੰਜਰ ਗੱਡੀਆਂ ਨੂੰ ਰੁਕਵਾਉਣ ਲਈ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ। ਕਮੇਟੀ ਮੈਂਬਰਾਂ ਨੇ ਦੱਸਿਆ ਕਿ ਸਟੇਸ਼ਨ ਨੂੰ ਬਚਾਉਣ ਲਈ ਪਿੰਡ ਜੇਠੂਕੇ ਦੇ ਨਗਰ ਵਾਸੀਆਂ ਵੱਲੋਂ ਪਿਛਲੇ ਮਹੀਨੇ ਤੋਂ ਰੇਲਵੇ ਅਧਿਕਾਰੀਆਂ ਨੂੰ ਮਿਲ ਕੇ ਪਿੰਡ ਦੇ ਸਟੇਸ਼ਨ ਬਚਾਉਣ ਲਈ ਤੇ ਪੈਸੰਜਰ ਗੱਡੀਆਂ ਰੁਕਾਉਣ ਲਈ ਸਾਰੇ ਰੇਲਵੇ ਨਾਲ ਸਬੰਧਿਤ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ ਪਰ ਰੇਲਵੇ ਅਧਿਕਾਰੀਆਂ ਵੱਲੋਂ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਿਆ ਤਾਂ ਆਖ਼ਰ ਪਿੰਡ ਵਾਸੀਆਂ ਵੱਲੋਂ ਸੰਘਰਸ਼ ਦੇ ਝੰਡੇ ਰੇਲਵੇ ਸਟੇਸ਼ਨ ’ਤੇ ਗੱਡ ਕੇ ਪੰਜ ਰੋਜ਼ਾ ਦਿਨ ਰਾਤ ਦਾ ਧਰਨਾ ਰੇਲਵੇ ਸਟੇਸ਼ਨ ’ਤੇ ਦਿੱਤਾ ਗਿਆ ਪਰ ਪਿੰਡ ਵਾਸੀਆਂ ਦੀ ਕੋਈ ਸੁਣਵਾਈ ਨਾ ਹੋਣ ’ਤੇ ਅੱਜ ਪਿੰਡ ਵਾਸੀ ਰੇਲ ਦੀਆਂ ਪਟੜੀਆਂ ’ਤੇ ਬੈਠ ਕੇ ਸਰਕਾਰ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ। ਪਿੰਡ ਵਾਸੀਆਂ ਨੇ ਦੱਸਿਆ ਕਿ ਪਹਿਲਾਂ ਪਿੰਡ ਸਟੇਸ਼ਨ ’ਤੇ ਪੈਸੰਜਰ ਗੱਡੀਆਂ ਰੁਕ ਕੇ ਜਾਂਦੀਆਂ ਸਨ ਪਰ ਲੋਕਡਾਊਣ ਤੋਂ ਬਾਅਦ ਪੈਸੰਜਰ ਗੱਡੀਆਂ ਰੁਕਣੋਂ ਹਟ ਗਈਆਂ ਜਿਸ ਕਾਰਨ ਪਿੰਡ ਵਾਸੀਆਂ ’ਚ ਭਾਰੀ ਰੋਸ ਹੈ ਤੇ ਦੂਰ ਦੁਰਾਡੇ ਜਾਣ ਲਈ ਤੇ ਸ਼ਹਿਰਾਂ ’ਚ ਪੜ੍ਹਨ ਜਾਣ ਵਾਲੇ ਬੱਚਿਆਂ ਨੂੰ ਕਾਫ਼ੀ ਮੁਸ਼ਕਲਾਂ ਆ ਰਹੀਆਂ ਹਨ। ਇਸ ਸਮੱਸਿਆ ਵਿੱਚ ਇਕੱਲਾ ਜੇਠੂਕੇ ਨਹੀਂ ਨਾਲ ਲੱਗਦੇ ਚਾਰ, ਪੰਜ ਪਿੰਡ ਵੀ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਕਿਸਾਨ ਆਗੂ ਨਿੱਕਾ ਸਿੰਘ, ਸਰੰਪਚ ਸੁਖਦੇਵ ਸਿੰਘ, ਬੇਅੰਤ ਸਿੰਘ, ਸਰਬਜੀਤ ਸਿੰਘ ਭੁੱਲਰ ਬਲਵਿੰਦਰ ਸਿੰਘ ਫ਼ੌਜੀ, ਗੋਧੀ ਸਿੰਘ, ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨਾਲ ਅੱਜ ਮੀਟਿੰਗ ਕਰਨ ਲਈ ਰੇਲਵੇ ਅਧਿਕਾਰੀ ਹਰਮੀਤ ਸਿੰਘ, ਤਹਿਸੀਲਦਾਰ ਫੂਲ ਸੁਖਬੀਰ ਬਰਾੜ, ਡੀ.ਐਸ.ਪੀ ਫੂਲ ਪਹੁੰਚੇ। ਉਨ੍ਹਾਂ ਪਿੰਡ ਜੇਠੂਕੇ ਸਟੇਸ਼ਨ ’ਤੇ ਚਾਰ ਗੱਡੀਆਂ ਰੁਕ ਕੇ ਜਾਣ ਦਾ ਵਿਸ਼ਵਾਸ ਦਿੱਤਾ ਜੋ ਸਮਾਸਾਰਣੀ ਬਣਾ ਕੇ ਇੱਕ ਮਹੀਨੇ ’ਚ ਲਾਗੂ ਕਰ ਦਿੱਤਾ ਜਾਵੇਗਾ ਜਿਸ ਕਾਰਨ ਦਿੱਤੇ ਗਏ ਵਿਸ਼ਵਾਸ ’ਤੇ ਪਿੰਡ ਵਾਸੀਆਂ ਨੇ ਰੇਲ ਦੀਆਂ ਪਟੜੀਆਂ ਤੋਂ ਧਰਨਾ ਸਮਾਪਤ ਕਰ ਦਿੱਤਾ ਹੈ ਪਰ ਸਟੇਸ਼ਨ ਦੇ ਇੱਕ ਪਾਸੇ ਹੁਕਮ ਲਾਗੂ ਹੋਣ ਤੱਕ ਧਰਨਾ ਚੱਲਦਾ ਰਹੇਗਾ।
ਵਧੀਕ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਗਰਜ਼ੇ ਮਜ਼ਦੂਰ
ਮਾਨਸਾ (ਪੱਤਰ ਪ੍ਰੇਰਕ) ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਮਜ਼ਦੂਰ ਮੰਗਾਂ ਲਈ ਮਾਨਸਾ ਦੇ ਵਧੀਕ ਡਿਪਟੀ ਕਮਿਸ਼ਨਰ ਦਫ਼ਤਰ ਦੇ ਅੱਗੇ ਚੱਲ ਰਿਹਾ ਪੱਕਾ ਮਜ਼ਦੂਰ ਮੋਰਚਾ ਅੱਜ 34ਵੇਂ ਦਿਨ ਵੀ ਜਾਰੀ ਰਿਹਾ। ਅੱਜ ਪੱਕਾ ਮਜ਼ਦੂਰ ਮੋਰਚਾ ਵਾਲੀ ਥਾਂ ’ਤੇ ਪਿੰਡ ਅਤਲਾ ਕਲਾਂ ਦੇ ਮਨਰੇਗਾ ਮਜ਼ਦੂਰਾਂ ਨੇ ਸ਼ਾਮਲ ਹੋਕੇ ਪਿੰਡ ਵਿੱਚ ਮਨਰੇਗਾ ਤਹਿਤ ਪਿਛਲੇ ਪੰਜ ਮਹੀਨਿਆਂ ਤੋਂ ਕੰਮ ਨਾ ਚੱਲਣ ਖਿਲਾਫ਼ ਏਡੀਸੀ ਵਿਕਾਸ ਨੂੰ ਲਿਖਤੀ ਸ਼ਿਕਾਇਤ ਕੀਤੀ ਤੇ ਭਗਵੰਤ ਮਾਨ ਸਰਕਾਰ ਤੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ। ਧਰਨਾਕਾਰੀਆਂ ਨੂੰ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਨੇ ਕਿਹਾ ਕਿ ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਦੇਸ਼ ਦੇ ਕਰੋੜਾਂ ਦਲਿਤ,ਮਜ਼ਦੂਰ ਨੂੰ ਰਿਆਤਾਂ ਦੇ ਨਾਂ ’ਤੇ ਮਾਨਸਿਕ ਗੁਲਾਮ ਬਣਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਪੇਡੂ ਮਜ਼ਦੂਰ ਖੇਤੀ ਖੇਤਰ ਵਿੱਚੋਂ ਪੂਰਨ ਤੌਰ ਤੇ ਬੇਰੁਜ਼ਗਾਰ ਹੋ ਚੁੱਕੇ ਹਨ, ਪਰ ਕੇਦਰ ਤੇ ਸੂਬਾ ਸਰਕਾਰਾਂ ਕੋਲ ਬੇਰੁਜ਼ਗਾਰ ਲੋਕਾਂ ਨੂੰ ਰੋਜ਼ਗਾਰ ਦੇਣ ਦਾ ਕੋਈ ਪ੍ਰੋਗਰਾਮ ਨਹੀਂ ਹੈ।