ਪੱਤਰ ਪ੍ਰੇਰਕ
ਅਬੋਹਰ, 18 ਫਰਵਰੀ
ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਚੋਣ ਪ੍ਰਚਾਰ ਦੇ ਆਖਰੀ ਦਿਨ ‘ਆਪ’ ਦੇ ਅਬੋਹਰ ਤੋਂ ਉਮੀਦਵਾਰ ਦੀਪ ਕੰਬੋਜ ਦੇ ਚੋਣ ਪ੍ਰਚਾਰ ਲਈ ਰੋਡ ਸ਼ੋਅ ਲੈ ਕੇ ਅਬੋਹਰ ਪਹੁੰਚੇ ਅਤੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਮ ਆਦਮੀ ਪਾਰਟੀ ਨੂੰ ਜਿਤਾਉਣ। ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਉਨ੍ਹਾਂ ਦੇ ਹਜ਼ਾਰਾਂ ਸਮਰਥਕ ਪੁਰਾਣੀ ਫਾਜ਼ਿਲਕਾ ਰੋਡ ‘ਤੇ ‘ਆਪ’ ਪਾਰਟੀ ਦੇ ਦਫ਼ਤਰ ਅੱਗੇ ਇਕੱਠੇ ਹੋ ਗਏ ਸਨ। ਜਿਵੇਂ ਹੀ ਅਰਵਿੰਦ ਕੇਜਰੀਵਾਲ ਦਫਤਰ ਨੇੜੇ ਪਹੁੰਚੇ ਤਾਂ ਭਾਰੀ ਭੀੜ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਫੁੱਲਾਂ ਦੀ ਵਰਖਾ ਕੀਤੀ। ‘ਆਪ’ ਦੇ ਵਿਸ਼ਾਲ ਰੋਡ ਸ਼ੋਅ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਸੀ ਕਿ ਇਸ ਵਾਰ ਅਬੋਹਰ ਅਤੇ ਵਿਧਾਨ ਸਭਾ ਹਲਕੇ ਤੋਂ ਦੂਜੀਆਂ ਪਾਰਟੀਆਂ ਦਾ ਸਫਾਇਆ ਕਰ ਦੇਣਗੇ। ਚੋਣ ਪ੍ਰਚਾਰ ਦੇ ਆਖ਼ਰੀ ਦਿਨ ਇੰਨੇ ਵੱਡੇ ਰੋਡ ਸ਼ੋਅ ਨੂੰ ਦੇਖਦਿਆਂ ਹਰ ਪਾਸੇ ‘ਆਪ’ ਦੀ ਹਵਾ ਦੇਖਣ ਨੂੰ ਮਿਲੀ।
ਬੱਲੂਆਣਾ (ਪੱਤਰ ਪ੍ਰੇਰਕ): ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਹਲਕਾ ਬੱਲੂਆਣਾ ਦੇ ਪਿੰਡਾਂ ਦਾ ਰੋਡ ਸ਼ੋਅ ਕੀਤਾ। ਉਨ੍ਹਾਂ ਨਾਲ ਹਲਕੇ ਤੋਂ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੋਲਡੀ ਮੁਸਾਫ਼ਿਰ ਅਤੇ ਅਬੋਹਰ ਤੋਂ ਚੋਣ ਲੜ ਰਹੇ ਦੀਪ ਕੰਬੋਜ ਉਚੇਚੇ ਤੌਰ ’ਤੇ ਸ਼ਾਮਲ ਸਨ। ਜਲਾਲਾਬਾਦ ਤੋਂ ਸ਼ੁਰੂ ਹੋਏ ਰੋਡ ਸ਼ੋਅ ਨੂੰ ਫਾਜ਼ਿਲਕਾ ਕਰਾਸ ਕਰਨ ਤੋਂ ਬਾਅਦ ਬੱਲੂਆਣਾ ਹਲਕੇ ਦੇ ਪਿੰਡਾਂ ਵਿੱਚ ਲਿਆਂਦਾ ਗਿਆ ਥਾਂ ਥਾਂ ਤੇ ਕੇਜਰੀਵਾਲ ਨੇ ਕਾਂਗਰਸ ਪਾਰਟੀ ਨੂੰ ਚਲਦਾ ਕਰਨ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਸੱਦਾ ਦਿੱਤਾ। ਬੱਲੂਆਣਾ ਦੇ ਪਿੰਡ ਡੰਗਰਖੇੜਾ ਵਿਖੇ ਕੇਜਰੀਵਾਲ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਨੇ ਦੇਸ਼ ਨੂੰ ਰੱਜ ਕੇ ਲੁੱਟਿਆ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਇਨ੍ਹਾਂ ਨੂੰ ਰਾਜਨੀਤੀ ਤੋਂ ਲਾਂਭੇ ਕਰ ਦਿੱਤਾ ਜਾਵੇ।