ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 3 ਅਗਸਤ
ਕਸਬਾ ਭਗਤਾ ਭਾਈ ਦੀ ਬਰਨਾਲਾ ਰੋਡ ’ਤੇ ਸਥਿਤ ਹੱਡਾਰੋੜੀ ਵਿਚ ਵੱਡੀ ਗਿਣਤੀ ਵਿੱਚ ਮਰੇ ਪਸ਼ੂ ਜਮ੍ਹਾਂ ਹੋ ਜਾਣ ਕਾਰਨ ਇਸ ਦੇ ਨੇੜੇ ਰਹਿਣ ਵਾਲੇ ਅਤੇ ਸੜਕ ਤੋਂ ਲੰਘਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਨੇੜਲੇ ਪੈਟਰੋਲ ਪੰਪ ਦੇ ਮਾਲਕ ਬਲਬਹਾਦਰ ਸਿੰਘ ਹਮੀਰਗੜ੍ਹ ਨੇ ਦੱਸਿਆ ਕਿ ਇਹ ਹੱਡਾਰੋੜੀ ਕੇਵਲ ਭਗਤਾ ਭਾਈ ਦੀ ਹੈ ਪਰ ਕਥਿਤ ਤੌਰ ’ਤੇ ਕੁਝ ਲੋਕਾਂ ਵੱਲੋਂ ਬਾਹਰਲੇ ਪਿੰਡਾਂ ਤੋਂ ਮਰੇ ਪਸ਼ੂਆਂ ਨੂੰ ਵੀ ਇਸ ਹੱਡਾਰੋੜੀ ਵਿੱਚ ਲਿਆਂਦਾ ਜਾ ਰਿਹਾ ਹੈ। ਅਜਿਹੀ ਹਾਲਤ ਵਿੱਚ ਮਰੇ ਪਸ਼ੂਆਂ ਦੀ ਬਦਬੂ ਕਾਰਨ ਨੇੜੇ ਰਹਿਣ ਅਤੇ ਸੜਕ ਤੋਂ ਗੁਜ਼ਰਨ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਵਾਰਾ ਕੁੱਤੇ ਇਸ ਹੱਡਾਰੋੜੀ ਵਿਚ ਰਹਿੰਦੇ ਹਨ ਜੋ ਕਿ ਸੜਕ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਉਨ੍ਹਾਂ ਦੱਸਿਆ ਕਿ ਨੇੜੇ ਹੀ ਇੱਕ ਮੰਦਰ, ਡੇਰਾ, ਥਾਣਾ ਭਗਤਾ ਭਾਈ ਦੀ ਇਮਾਰਤ, ਸ਼ੈਲਰ ਤੇ ਲੋਕਾਂ ਦੀ ਰਿਹਾਇਸ਼ ਹੈ।
ਬਲਬਹਾਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇੱਥੇ ਬਾਹਰਲੇ ਪਿੰਡਾਂ ਤੋਂ ਆ ਰਹੇ ਮਰੇ ਪਸ਼ੂਆਂ ਨੂੰ ਰੋਕਣ ਲਈ ਥਾਣਾ ਭਗਤਾ ਭਾਈ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ। ਇਸ ਦੌਰਾਨ ਹੋਰ ਪੀੜਤ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਜਲਦ ਇਸ ਸਮੱਸਿਆ ਤੋਂ ਨਿਜਾਤ ਦਿਵਾਈ ਜਾਵੇ।
ਇਲਾਕੇ ਵਿੱਚ ਵੱਡੀ ਗਿਣਤੀ ਪਸ਼ੂ ਲੰਪੀ ਸਕਿਨ ਤੋਂ ਪੀੜਤ
ਇਲਾਕੇ ਦੇ ਪਿੰਡਾਂ ਵਿੱਚ ਲੰਪੀ ਸਕਿਨ ਰੋਗ ਨੇ ਹਜ਼ਾਰਾਂ ਪਸ਼ੂਆਂ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਇਸ ਬਿਮਾਰੀ ਨਾਲ ਪਿੰਡਾਂ ਵਿੱਚ ਪਸ਼ੂਆਂ ਮਰਨ ਦੀ ਵੀ ਸੂਚਨਾ ਹੈ। ਤੇਜ਼ੀ ਨਾਲ ਫੈਲ ਰਹੀ ਇਸ ਬਿਮਾਰੀ ਕਾਰਨ ਇਲਾਕੇ ਦੇ ਪਸ਼ੂ ਪਾਲਕ ਸਹਿਮੇ ਹੋਏ ਹਨ। ਇਸ ਬਿਮਾਰੀ ਦਾ ਜ਼ਿਆਦਾ ਅਸਰ ਗਊਆਂ ’ਤੇ ਹੋ ਰਿਹਾ ਹੈ। ਪਸ਼ੂ ਪਾਲਕਾਂ ਨੂੰ ਬਿਮਾਰ ਪਸ਼ੂਆਂ ਦਾ ਇਲਾਜ ਕਰਵਾਉਣ ਲਈ ਹਜ਼ਾਰਾਂ ਰੁਪਏ ਖ਼ਰਚ ਕਰਨੇ ਪੈ ਰਹੇ ਹਨ। ਪਸ਼ੂ ਪਾਲਕ ਹਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਇਸ ਬਿਮਾਰੀ ਕਾਰਨ ਜਿੱਥੇ ਪਸ਼ੂ ਦੇ ਇਲਾਜ ’ਤੇ ਮੋਟਾ ਖ਼ਰਚਾ ਹੋ ਰਿਹਾ ਹੈ, ਉੱਥੇ ਪਸ਼ੂ ਦਾ ਦੁੱਧ ਵੀ ਸੁੱਕ ਜਾਂਦਾ ਹੈ।
ਮਾਮਲਾ ਧਿਆਨ ਵਿੱਚ ਨਹੀਂ: ਵਿਧਾਇਕ ਸਿੱਧੂ
ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਪ੍ਰਸ਼ਾਸਨ ਨਾਲ ਗੱਲਬਾਤ ਕਰ ਕੇ ਸਮੱਸਿਆ ਦਾ ਜਲਦ ਹੱਲ ਕਰਵਾਉਣਗੇ।