ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 10 ਅਪਰੈਲ
ਮਾਲਵਾ ਖੇਤਰ ਦੇ ਲੋਕ ਜ਼ਹਿਰੀ ਪਾਣੀ ਪੀਣ ਲਈ ਮਜਬੂਰ ਹਨ। ਇਹ ਪਾਣੀ ਉਨ੍ਹਾਂ ਨੂੰ ਸਰਹਿੰਦ ਫੀਡਰ ਤੇ ਹੋਰ ਨਹਿਰਾਂ ਰਾਹੀਂ ਮਿਲਦਾ ਹੈ| ਸਰਹਿੰਦ ਫੀਡਰ ਨਹਿਰ ਹਰੀਕੇ ਪੱਤਣ ਤੋਂ ਨਿਕਲ ਕੇ ਫਿਰੋਜ਼ਪੁਰ, ਫਾਜ਼ਿਲਕਾ, ਫਰੀਦੋਕਟ, ਮੁਕਤਸਰ ਤੇ ਬਠਿੰਡਾ ਜ਼ਿਲ੍ਹਿਆਂ ਦੇ ਬਾਸ਼ਿੰਦਿਆਂ ਨੂੰ ਪੀਣ ਤੇ ਫਸਲਾਂ ਦੀ ਸਿੰਜਾਈ ਲਈ ਪਾਣੀ ਦਿੰਦੀ ਹੈ| ਸਰਹਿੰਦ ਫੀਡਰ ਨਹਿਰ ਵਿੱਚ ਅਕਸਰ ਸੀਵਰੇਜ ਤੇ ਕੈਮੀਕਲ ਯੁਕਤ ਪਾਣੀ ਵੱਗਦਾ ਰਹਿੰਦਾ ਹੈ, ਜਿਸ ਕਾਰਨ ਇਸ ਨਹਿਰ ਦਾ ਪਾਣੀ ਮਨੁੱਖਾਂ ਲਈ ਤਾਂ ਦੂਰ ਪਸ਼ੂਆਂ ਦੇ ਪੀਣ ਦੇ ਕੰਮ ਵੀ ਨਹੀਂ ਆਉਂਦਾ| ਇਸ ਖੇਤਰ ’ਚ ਕੈਂਸਰ ਦੀ ਬਿਮਾਰੀ ਦਾ ਮੁੱਖ ਕਾਰਨ ਨਹਿਰ ਦਾ ਜ਼ਹਿਰੀ ਪਾਣੀ ਵੀ ਹੈ। ਇਨ੍ਹੀ ਦਿਨੀਂ ਸਰਹਿੰਦ ਫੀਡਰ ਨਹਿਰ ਵਿੱਚ ਕਾਲਾ ਪਾਣੀ ਆ ਰਿਹਾ ਜਿਹੜਾ ਕਿਸੇ ਗੰਦੇ ਨਾਲੇ ਵਰਗਾ ਲੱਗਦਾ ਹੈ| ਲੋਕਾਂ ਵਿੱਚ ਇਹ ਪਾਣੀ ਵੇਖ ਕੇ ਹਾਲ ਦੁਹਾਈ ਮੱਚੀ ਹੋਈ ਹੈ| ਲੋਕਾਂ ਦੀ ਮੰਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨਹਿਰਾਂ ਦੇ ਕਾਲੇ ਪਾਣੀ ਦੇ ਮਾਮਲੇ ਦਾ ਛੇਤੀ ਕੋਈ ਹੱਲ ਲੱਭਣ|
ਜ਼ਿਕਰਯੋਗ ਹੈ ਕਿ ਮਾਲਵਾ ਖੇਤਰ ਦੇ ਲੋਕਾਂ ਦੀ ਹਮੇਸ਼ਾਂ ਹੀ ਮੁੱਖ ਮੰਗ ਇਹ ਰਹੀ ਹੈ ਕਿ ਸਰਹਿੰਦ ਫੀਡਰ ਵਿੱਚ ਸੀਵਰੇਜ ਅਤੇ ਫੈਕਟਰੀਆਂ ਦੇ ਕੈਮੀਕਲਾਂ ਨੂੰ ਨਾ ਪਾਇਆ ਜਾਵੇ| ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਲੋਕਾਂ ਨੂੰ ਉਮੀਦ ਸੀ ਕਿ ਨਹਿਰ ਵਿੱਚ ਦੂਸ਼ਿਤ ਪਾਣੀ ਬੰਦ ਹੋ ਜਾਵੇਗਾ ਪਰ ਇਕ ਮਹੀਨੇ ਦੇ ਕਰੀਬ ਸਮਾਂ ਬੀਤ ਜਾਣ ਮਗਰੋਂ ਵੀ ਅਜੇ ਤੱਕ ਪਰਨਾਲਾ ਉਥੇ ਦਾ ਉਥੇ ਹੀ ਹੈ|
ਜਨ ਸਿਹਤ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਪ੍ਰਭਲੀਨ ਸਿੰਘ ਨੇ ਕਿਹਾ ਕਿ ਜਦੋਂ ਤੱਕ ਨਹਿਰਾਂ ਵਿੱਚ ਗੰਦਾ ਪਾਣੀ ਚੱਲਦਾ ਹੈ, ਉਹ ਜਲ ਘਰਾਂ ਨੂੰ ਇਸ ਦੀ ਸਪਲਾਈ ਨਹੀਂ ਦਿੰਦੇ|
ਨਹਿਰਾਂ ਵਿੱਚ ਕਾਲੇ ਪਾਣੀ ਦੀ ਸਮੱਸਿਆ ਬਹੁਤ ਗੰਭੀਰ: ਕਾਕਾ ਬਰਾੜ
ਮੁਕਤਸਰ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਕਿਹਾ ਕਿ ਨਹਿਰਾਂ ਵਿੱਚ ਕਾਲੇ ਪਾਣੀ ਦੀ ਸਮੱਸਿਆ ਬਹੁਤ ਗੰਭੀਰ ਅਤੇ ਲੋਕਾਂ ਦੀ ਸਿਹਤ ਨਾਲ ਜੁੜੀ ਹੈ| ਉਹ ਪਹਿਲਾਂ ਵੀ ਇਹ ਮੁੱਦਾ ਉਠਾਉਂਦੇ ਰਹੇ ਹਨ ਤੇ ਹੁਣ ਵੀ ਸਰਕਾਰ ਤੱਕ ਇਹ ਮਸਲਾ ਲੈ ਕੇ ਜਾਣਗੇ| ਉਨ੍ਹਾਂ ਕਿਹਾ ਕਿ ਜੇਕਰ ਕੋਈ ਸੰਸਥਾ ਇਸ ਮਾਮਲੇ ਸਬੰਧੀ ਸਰਕਾਰ ਨੂੰ ਮਿਲਣਾ ਚਾਹੁੰਦੀ ਹੋਵੇ ਤਾਂ ਵੀ ਉਹ ਨਾਲ ਜਾਣ ਵਾਸਤੇ ਤਿਆਰ ਹਨ|