ਸ਼ਗਨ ਕਟਾਰੀਆ
ਜੈਤੋ, 2 ਅਗਸਤ
ਇਥੇ ਸਰਸਵਤੀ ਜੀਨੀਅਸ ਸਕੂਲ ਅੱਗੇ ਚੌਵੀ ਘੰਟੇ ਛੱਲਾਂ ਮਾਰਦਾ ਪਾਣੀ ਬਿਨ ਬੱਦਲੋਂ ਬਰਸਾਤ ਦਾ ਭੁਲੇਖਾ ਪਾਉਂਦਾ ਹੈ। ਨੇੜਲੀ ਵਸੋਂ ਦੇ ਲੋਕ ਸਵੱਛਤਾ ਦਾ ਹੋਕਾ ਦੇਣ ਵਾਲੇ ਮੁਕਾਮੀ ਪ੍ਰਸ਼ਾਸਨ ਦੇ ਦਰਾਂ ’ਤੇ ਮੱਥੇ ਰਗੜ-ਰਗੜ ਕੇ ਥੱਕ ਗਏ ਹਨ ਪਰ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ।
ਇਥੇ ਸੀਵਰੇਜ ਦੇ ਤਿੰਨ ਮੈਨ ਹੋਲਾਂ ’ਚੋਂ ਫ਼ੁਹਾਰੇ ਛੱਡਦੇ ਬਦਬੂਦਾਰ ਪਾਣੀ ਨੇ ਸੜਕ ਕਬਜ਼ੇ ਹੇਠ ਲਈ ਹੋਈ ਹੈ। ਹਜ਼ਾਰਾਂ ਵਾਹਨਾਂ ਦੀ ਰੋਜ਼ਾਨਾ ਇਥੋਂ ਆਵਾਜਾਈ ਹੈ।
ਸ਼ਹਿਰ ਦੇ ਸੰਘਣੇ ਆਬਾਦ ਏਰੀਏ ਵਾਲੀ ਇਸ ਸੜਕ ’ਤੇ ਜੀਨੀਅਸ ਸਕੂਲ ਅਤੇ ਸਰਕਾਰੀ ਮਿਡਲ ਸਕੂਲ ਹਨ। ਦੋਹਾਂ ਸਕੂਲਾਂ ਦਰਮਿਆਨ ਨਗਰ ਕੌਂਸਲ ਦੀ ਵਿਹਲੀ ਜਗ੍ਹਾ ’ਤੇ ‘ਖੁੱਲ੍ਹੇ ਪਖ਼ਾਨੇ’ ਦੀ ਸਹੂਲਤ ਹੈ। ਇਕ ਵਾਰ ਡਿਪਟੀ ਕਮਿਸ਼ਨਰ ਫ਼ਰੀਦਕੋਟ ਨੇ ਨੋਟਿਸ ਲੈਂਦਿਆਂ ਕੌਂਸਲ ਨੂੰ ਪਖ਼ਾਨਾ ਬੰਦ ਕਰਨ ਦੇ ਆਦੇਸ਼ ਦਿੱਤੇ। ਸੜਕ ਵਾਲੇ ਪਾਸੇ ਕੰਧ ਕੱਢਣ ਦੀ ਹਦਾਇਤ ਵੀ ਹੋਈ ਪਰ ਕੌਂਸਲ ਤੋਂ ਹੋਰ ਤਾਂ ਕੁਝ ਨਾ ਸਰਿਆ ਪਖ਼ਾਨੇ ਦੇ ਨਾਲ ਸਕੂਲ ਵਾਲੀ ਕੰਧ ’ਤੇ ‘ਸਵੱਛਤਾ ਅਭਿਆਨ’ ਦੀ ਮਸ਼ਹੂਰੀ ਵਾਲਾ ਇਸ਼ਤਿਹਾਰ ਜ਼ਰੂਰ ਛਾਪ ਦਿੱਤਾ।