ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 1 ਮਈ
ਲੋਕ ਸਭਾ ਹਲਕਾ ਬਠਿੰਡਾ ਤੋਂ ਬਸਪਾ ਦੇ ਉਮੀਦਵਾਰ ਲਖਵੀਰ ਸਿੰਘ ਨਿੱਕਾ ਅੱਜ ਸ਼ੁਕਰਾਨੇ ਵਜੋਂ ਵੱਡੀ ਗਿਣਤੀ ਸਮੱਰਥਕਾਂ ਸਮੇਤ ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ। ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਲਖਵੀਰ ਸਿੰਘ ਨਿੱਕਾ ਨੇ ਕਿਹਾ ਕਿ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਪਿੰਡਾਂ ਦੇ ਲੋਕ ਪਿੰਡਾਂ ’ਚ ਦਾਖਲ ਨਹੀਂ ਹੋਣ ਦੇ ਰਹੇ ਜਦਕਿ ਭਾਜਪਾ ਆਗੂ 400 ਸੀਟਾਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੀਆਂ 13 ਸੀਟਾਂ ਜਿੱਤਣ ਦੇ ਦਾਅਵੇ ਕਰਦੇ ਨਹੀਂ ਥੱਕਦੇ। ਉਨ੍ਹਾਂ ਕਿਹਾ ਕਿ ਭਾਜਪਾ 750 ਕਿਸਾਨਾਂ ਦੀ ਸ਼ਹਾਦਤ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੈ ਅਤੇ ਬੱਕਰੀ/ਮੁਰਗੀ ਦਾ ਮੁਆਵਜ਼ੇ ਦੇਣ ਦੇ ਦਾਅਵੇ ਕਰਨ ਵਾਲੀ ਪੰਜਾਬ ਦੀ ਆਪ ਸਰਕਾਰ ਨੇ ਸੂਬੇ ਦੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਸਾਰ ਹੀ ਨਹੀਂ ਲਈ। ਉਨ੍ਹਾਂ ਕਿਹਾ ਕਿ ਆਪ ਨੇ ਪੰਜਾਬ ਵਿੱਚੋਂ ਸਾਰੇ ਰਾਜ ਸਭਾ ਮੈਂਬਰ ਧਨਾਢ ਬਣਾਏ ਅਤੇ ਹੁਣ ਫਿਰ ਲੋਕ ਸਭਾ ਚੋਣਾਂ ਵਿੱਚ ਮੰਤਰੀ ਅਤੇ ਵਿਧਾਇਕ ਖੜ੍ਹੇ ਕੀਤੇ ਜਦਕਿ ਵਾਲੰਟੀਅਰ ਸਿਰਫ ਦਰੀਆਂ ਝਾੜਦੇ ਰਹਿ ਗਏ। ਉਨ੍ਹਾਂ ਹਰਸਿਮਰਤ ਕੌਰ ਬਾਦਲ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਹ ਭਾਜਪਾ ਨਾਲ ਰਲ ਕੇ ਚੋਣ ਲੜ ਰਹੇ ਹਨ। ਧਰਮ ਨਿਰਪੱਖ ਲੋਕ ਵੀ ਇਹ ਸਮਝ ਚੁੱਕੇ ਹਨ ਕਿ ਹਰਸਿਮਰਤ ਨੂੰ ਪੈਣ ਵਾਲੀ ਵੋਟ ਮੋਦੀ ਦੇ ਖਾਤੇ ਹੀ ਜਾਣੀ ਹੈ। ਨਿੱਕਾ ਨੇ ਇਸ ਮੌਕੇ ਅਪੀਲ ਕੀਤੀ ਕਿ ਲੋਕ ਰਜਵਾੜੇ ਉਮੀਦਵਾਰਾਂ ਦੀ ਥਾਂ ਇੱਕ ਗਰੀਬ ਦੇ ਪੁੱਤ ਨੂੰ ਵੋਟਾਂ ਪਾ ਕੇ ਜਿਤਾਉਣ। ਇਸ ਮੌਕੇ ਉਨ੍ਹਾਂ ਨਾਲ ਬਸਪਾ ਦੇ ਸੀਨੀਅਰ ਆਗੂ ਮੀਨਾ ਰਾਣੀ, ਸੂਬਾ ਸਕੱਤਰ ਮਾਸਟਰ ਜਗਦੀਪ ਸਿੰਘ ਗੋਗੀ ਅਤੇ ਰਾਜਿੰਦਰ ਭੀਖੀ, ਹਰਨੇਕ ਸਿੰਘ ਜਗਾ ਰਾਮ ਤੀਰਥ, ਜੀਤ ਸਿੰਘ ਟੀਟੀ ਹਲਕਾ ਪ੍ਰਧਾਨ, ਟਿੱਕਾ ਸਿੰਘ ਆਦਿ ਆਗੂ ਮੌਜੂਦ ਸਨ।