ਪੱਤਰ ਪ੍ਰੇਰਕ
ਗਿੱਦੜਬਾਹਾ, 16 ਜੁਲਾਈ
ਸ਼ਹਿਰ ਦੇ ਰਿਹਾਇਸ਼ੀ ਖੇਤਰਾਂ ਵਿੱਚ ਪਏ ਖਾਲੀ ਪਲਾਟ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਹੇ ਹਨ। ਵਾਰਡ ਨੰਬਰ-19 ਦੇ ਨੰਬਰਦਾਰਾਂ ਵਾਲੀ ਪਹੀ ਸਥਿਤ ਖਾਲੀ ਪਲਾਟਾਂ ਵਿੱਚ ਅੱਜ ਮੀਂਹ ਦਾ ਪਾਣੀ ਭਰਨ ਕਾਰਨ ਆਸ-ਪਾਸ ਦੇ ਮਕਾਨਾਂ ਵਿੱਚ ਤਰੇੜਾਂ ਆ ਗਈਆਂ ਹਨ।
ਇਸ ਸਬੰਧੀ ਉਕਤ ਗਲੀ ਦੇ ਵਸਨੀਕਾਂ ਦਰਸ਼ਨ ਕੁਮਾਰ ਪਾਲੀ, ਹਰਿਦੁਆਰੀ ਲਾਲ, ਪਵਨ ਕੁਮਾਰ, ਅਸ਼ੋਕ ਕੁਮਾਰ, ਕੁੱਕੂ ਨੰਬਰਦਾਰ, ਲਾਜਵੰਤੀ ਦੇਵੀ ਅਤੇ ਬਿੱਟੂ ਟਿਫ਼ਨਾ ਵਾਲੇ ਨੇ ਦੱਸਿਆ ਕਿ ਉਹ ਇਨ੍ਹਾਂ ਖਾਲੀ ਪਏ ਪਲਾਟਾਂ ਕਾਰਨ ਪ੍ਰੇਸ਼ਾਨ ਹਨ ਕਿਉਂਕਿ ਇਨ੍ਹਾਂ ਖਾਲੀ ਪਲਾਟਾਂ ਵਿੱਚ ਜਿੱਥੇ ਹਰ ਸਮੇਂ ਮੱਛਰ ਅਤੇ ਜ਼ਹਿਰੀਲੇ ਜੀਵ ਪੈਦਾ ਹੁੰਦੇ ਰਹਿੰਦੇ ਹਨ, ਉਥੇ ਹੀ ਅੱਜ ਭਾਰੀ ਬਾਰਿਸ਼ ਦਾ ਪਾਣੀ ਇਨ੍ਹਾਂ ਪਲਾਟਾਂ ਵਿਚ ਭਰਨ ਕਾਰਨ ਉਨ੍ਹਾਂ ਦੇ ਮਕਾਨਾਂ ਵਿੱਚ ਤਰੇੜਾਂ ਆ ਗਈਆਂ ਹਨ। ਉਨ੍ਹਾਂ ਦੱਸਿਆ ਕਿ ਉਹ ਕਈ ਵਾਰ ਮਾਲਕਾਂ ਨੂੰ ਪਲਾਟਾਂ ਦੀ ਸੰਭਾਲ ਲਈ ਬੇਨਤੀ ਕਰ ਚੁੱਕੇ ਹਨ ਪ੍ਰੰਤੂ ਅਜੇ ਤੱਕ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਹੋਈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਲਾਟ ਮਾਲਕਾਂ ਨੂੰ ਸੰਭਾਲ ਬਾਰੇ ਹਦਾਇਤਾਂ ਜਾਰੀ ਕੀਤੀਆਂ ਜਾਣ।