ਪੱਤਰ ਪ੍ਰੇਰਕ
ਮਾਨਸਾ, 5 ਅਕਤੂਬਰ
ਬਰਸਾਤਾਂ ਦੌਰਾਨ ਅਤੇ ਸੀਵਰੇਜ ਓਵਰਫਲੋਅ ਹੋਣ ਕਾਰਨ ਮਾਨਸਾ ਦੇ ਡੀਸੀ ਦੀ ਰਿਹਾਇਸ਼ ਨੇੜੇ ਖੜ੍ਹਦੇ ਪਾਣੀ ਤੇ ਵਾਰਡ ਨੰ: 27 ਦੀਆਂ ਹੋਰ ਸਮੱਸਿਆਵਾਂ ਲੈ ਕੇ ਸ਼ਹੀਦ ਭਗਤ ਸਿੰਘ ਨਗਰ ਸੁਧਾਰ ਕਮੇਟੀ ਵੱਲੋਂ ਇੱਕ ਵਫ਼ਦ ਡੀਸੀ ਬਲਦੀਪ ਕੌਰ ਨੂੰ ਮਿਲਿਆ ਅਤੇ ਵਾਰਡ ਦੀਆਂ ਸਮੱਸਿਆਵਾਂ ਸਬੰਧੀ ਮੰਗ ਪੱਤਰ ਡੀਸੀ ਤੋਂ ਇਲਾਵਾ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ ਨੂੰ ਦਿੱਤਾ। ਡੀਸੀ ਬਲਦੀਪ ਕੌਰ ਨੇ ਵਫ਼ਦ ਨੂੰ ਸਮੱਸਿਆਵਾਂ ਦੇ ਹੱਲ ਦਾ ਭਰੋਸਾ ਦਿੱਤਾ ਹੈ। ਵਫਦ ਵਿੱਚ ਸ਼ਾਮਲ ਸ਼ਹੀਦ ਭਗਤ ਸਿੰਘ ਸੁਧਾਰ ਕਮੇਟੀ ਦੇ ਪ੍ਰਧਾਨ ਡਾ. ਰਵਿੰਦਰ ਸਿੰਘ ਬਰਾੜ, ਡਾ. ਸੁਖਦੇਵ ਸਿੰਘ ਡੁਮੇਲੀ ਤੇ ਐਡ. ਬਲਵੀਰ ਕੌਰ ਸਿੱਧੂ ਨੇ ਦੱਸਿਆ ਕਿ ਬਰਸਾਤ ਦੌਰਾਨ ਤਿੰਨਕੋਣੀ ’ਤੇ ਪਾਣੀ ਖੜ੍ਹਨ ਕਾਰਨ ਵਾਰਡ ਵਿਚ ਤੇ ਬਿਜਲੀ ਗਰਿੱਡ ਵਿਚ ਜਾਣ ਵਾਲੇ ਮੁਲਾਜ਼ਮਾਂ ਤੇ ਲੋਕਾਂ ਦਾ ਰਸਤਾ ਬੰਦ ਹੋ ਜਾਂਦਾ ਹੈ ਜਿਸ ਕਾਰਨ ਵਾਰਡ ਵਾਸੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵਫ਼ਦ ਨੇ ਮੰਗ ਕੀਤੀ ਕਿ ਤਿੰਨਕੋਣੀ ’ਤੇ ਖੜ੍ਹਦੇ ਪਾਣੀ ਦੀ ਨਿਕਾਸੀ ਕਰਵਾਈ ਜਾਵੇ ਤੇ ਮੀਂਹ ਦਾ ਪਾਣੀ ਕੱਢਣ ਲਈ ਬਿਜਲੀ ਗਰਿੱਡ ਦੇ ਨਾਲ ਖੇਤਾਂ ਵੱਲ ਨਾਲਾ ਬਣਾਇਆ ਜਾਵੇ।