ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 28 ਸਤੰਬਰ
ਇੱਥੋਂ ਦੀ ਮੋਹਨ ਲਾਲ ਸਟਰੀਟ, ਥਾਂਦੇਵਾਲਾ ਰੋਡ, ਗਾਂਧੀ ਨਗਰ, ਦਲਜੀਤ ਸਿੰਘ ਵਿਰਦੀ ਸਟਰੀਟ ਅਤੇ ਨਹਿਰੂ ਚੌਕ ਦੇ ਲੋਕ ਸੀਵਰੇਜ ਸਮੱਸਿਆ ਤੋਂ ਦੁਖੀ ਹਨ। ਵਿਭਾਗ ਵੱਲੋਂ ਨਾ ਤਾਂ ਲੋਕਾਂ ਦੀ ਸ਼ਿਕਾਇਤ ਨੋਟ ਕੀਤੀ ਜਾ ਰਹੀ ਹੈ ਅਤੇ ਨਾ ਹੀ ਸੀਵਰੇਜ ਸਮੱਸਿਆ ਦਾ ਕੋਈ ਹੱਲ ਕੀਤਾ ਜਾ ਰਿਹਾ ਹੈ। ਮੋਹਨ ਲਾਲ ਸਟਰੀਟ ਨਿਵਾਸੀ ਕੁਲਬੀਰ ਸਿੰਘ, ਅਸ਼ੀਸ਼ ਸਿੰਗਲਾ, ਗੋਰਵ ਕੁਮਾਰ, ਪਰਮਿੰਦਰ ਸਿੰਘ, ਭਗਵਾਨ ਸਿੰਘ, ਭਗਵਾਨ ਸਿੰਘ, ਸਿੰਦਰ ਕੌਰ, ਸੋਨੀਆ ਰਾਣੀ, ਆਸ਼ਾ ਰਾਣੀ, ਇੰਦਰਜੀਤ ਸਿੰਘ ਮੁਕਸਰੀ, ਆਸ਼ਾ ਰਾਣੀ ਕੱਕੜ, ਸਤਪਾਲ ਸਿੰਘ ਅਤੇ ਬਿੰਦਰ ਕੌਰ ਨੇ ਦੱਸਿਆ ਕਿ ਗਲੀ ਵਿੱਚ ਪਿਛਲੇ ਲੰਬੇ ਸਮੇਂ ਤੋਂ ਸੀਵਰੇਜ ਜਾਮ ਹੋਣ ਕਾਰਨ ਪਾਣੀ ਓਵਰਫਲੋਅ ਹੋ ਕੇ ਗਲੀ ’ਚ ਖੜ੍ਹਾ ਰਹਿੰਦਾ ਹੈ। ਗਲੀ ਵਿੱਚੋਂ ਬਾਹਰ ਜਾਣ ਦਾ ਇਹੋ ਇੱਕੋ ਇਕ ਰਸਤਾ ਹੈ। ਹਾਲਤ ਇਹ ਹੈ ਕਿ ਹੁਣ ਉਹ ਨਾ ਤਾਂ ਘਰਾਂ ’ਚੋਂ ਬਾਹਰ ਨਿਕਲ ਸਕਦੇ ਹਨ ਤੇ ਨਾ ਹੀ ਕਿਸੇ ਕੰਮ ਧੰਦੇ ਜਾਣ ਜੋਗੇ ਹਨ। ਘਰੋਂ ਬਾਹਰ ਿਨਕਲਣਾ ਵੀ ਮੁਹਾਲ ਹੋਇਆ ਪਿਆ ਹੈ। ਪਾਣੀ ਵਿੱਚੋਂ ਬਦਬੂ ਮਾਰਦੀ ਰਹਿੰਦੀ ਹੈ ਜਿਸ ਕਾਰਨ ਉਨ੍ਹਾਂ ਨੂੰ ਰੋਟੀ ਖਾਣੀ ਵੀ ਮੁਸ਼ਕਲ ਹੋਈ ਪਈ ਹੈ। ਗੰਦਗੀ ਕਾਰਨ ਬਿਮਾਰੀਆਂ ਦਾ ਡਰ ਬਣਿਆ ਰਹਿੰਦਾ ਹੈ। ਹਰ ਸਮੇਂ ਪਾਣੀ ’ਤੇ ਮੱਖੀਆਂ ਅਤੇ ਮੱਛਰ ਫਿਰਦੇ ਰਹਿੰਦੇ ਹਨ। ਰਾਹਗੀਰਾਂ ਨੇ ਇਧਰੋਂ ਆਉਣਾ ਬੰਦ ਕਰ ਦਿੱਤਾ ਹੈ। ਲੋਕਾਂ ਨੇ ਕਈ ਵਾਰ ਇਸ ਸਬੰਧੀ ਵਿਭਾਗ ਨੂੰ ਸ਼ਿਕਾਇਤ ਕੀਤੀ ਹੈ ਪਰ ਪਰਨਾਲਾ ਉਥੇ ਦਾ ਉਥੇ ਹੀ ਹੈ।
ਜਲਦੀ ਸੱਮਸਿਆ ਦਾ ਹੱਲ ਕੀਤਾ ਜਾਵੇਗਾ: ਐਕਸੀਅਨ
ਵਿਭਾਗ ਦੇ ਐਕਸੀਅਨ ਅਮ੍ਰਿਤਦੀਪ ਸਿੰਘ ਭੱਠਲ ਨੇ ਕਿਹਾ ਕਿ ਸੀਵਰੇਜ ਦੀ ਸਫਾਈ ਲਈ ਮਸ਼ੀਨ ਲੱਗੀ ਹੋਈ ਹੈ ਅਤੇ ਜਲਦੀ ਹੀ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ।