ਨਿੱਜੀ ਪੱਤਰ ਪ੍ਰੇਰਕ
ਮਲੋਟ, 5 ਮਾਰਚ
ਸ਼ਹਿਰ ਦੀ ਪ੍ਰਮੁੱਖ ਗਲੀ ਦਵਿੰਦਰਾ ਰੋਡ ਦੇ ਬਾਸ਼ਿੰਦਿਆਂ ਨੇ ਅੱਜ ਇਕੱਤਰ ਹੋ ਕੇ ਨਗਰ ਕੌਂਸਲ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀ ਸੀਵਰੇਜ ਸਾਫ ਕਰ ਕੇ ਉਸ ’ਚੋਂ ਨਿਕਲੀ ਗੰਦਗੀ ਉੱਥੇ ਹੀ ਢੇਰ ਕਰ ਕੇ ਚੱਲੇ ਜਾਂਦੇ ਹਨ। ਗੰਦਗੀ ਦੇ ਢੇਰ ਸਮੇਂ ਸਿਰ ਨਾ ਚੁੱਕੇ ਜਾਣ ਕਾਰਨ ਉਨ੍ਹਾਂ ਦੇ ਘਰਾਂ ਤੱਕ ਗੰਦਗੀ ਪਹੁੰਚ ਜਾਂਦੀ ਹੈ। ਇਸ ਗਲੀ ਦੇ ਵਾਸੀ ਜਗਵਿੰਦਰ ਸਿੰਘ ਬਰਾੜ, ਐਡਵੋਕੇਟ ਰਣਜੀਤ ਸਿੰਘ ਰਾਣਾ, ਮੋਹਰ ਸਿੰਘ, ਛਿੰਦਰ ਸੱਗੂ, ਕਾਕਾ ਕੁਮਾਰ, ਸੋਨੂੰ ਅਤੇ ਵਿੱਕੀ ਹੋਟਲ ਵਾਲਾ ਆਦਿ ਨੇ ਕਿਹਾ ਕਿ ਗੰਦਗੀ ਦੇ ਢੇਰਾਂ ਕਾਰਨ ਬਿਮਾਰੀ ਫੈਲਣ ਦਾ ਖਦਸ਼ਾ ਬਣਿਆ ਹੋਇਆ ਹੈ। ਲੋਕਾਂ ਨੇ ਕਿਹਾ ਕਿ ਉਹ ਨਗਰ ਕੌਂਸਲ ਮੁਲਜ਼ਮਾਂ ਨੂੰ ਬੇਨਤੀ ਵੀ ਕਰ ਚੁੱਕੇ ਹਨ ਕਿ ਉਹ ਸੀਵਰੇਜ ’ਚੋਂ ਕੱਢੀ ਗੰਦਗੀ ਨੂੰ ਨਾਲ ਦੀ ਨਾਲ ਹੀ ਸਾਫ ਕਰਨ ਪਰ ਉਹ ਉਨ੍ਹਾਂ ਨਾਲ ਤਲਖ ਹੋ ਗਏ। ਉੱਧਰ ਨਗਰ ਕੌਂਸਲ ਦੇ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਨੇ ਕਿਹਾ ਕਿ ਉਨ੍ਹਾਂ ਸੀਵਰੇਜ ’ਚੋਂ ਨਿਕਲੀ ਗੰਦਗੀ ਸਬੰਧੀ ਮੁਲਾਜ਼ਮਾਂ ਨੂੰ ਇਹ ਹਦਾਇਤ ਕੀਤੀ ਹੋਈ ਹੈ ਕਿ ਗੰਦਗੀ ਨੂੰ ਨਾਲ ਦੀ ਨਾਲ ਹੀ ਸਮੇਟਿਆ ਜਾਵੇ।