ਪੱਤਰ ਪ੍ਰੇਰਕ
ਸ਼ਹਿਣਾ, 12 ਅਕਤੂਬਰ
ਕਸਬੇ ਸ਼ਹਿਣਾ ਵਿੱਚ ਲਾਵਾਰਸ ਪਸ਼ੂਆਂ ਕਾਰਨ ਲੋਕ ਕਾਫ਼ੀ ਪ੍ਰੇਸ਼ਾਨ ਹਨ। ਕਸਬੇ ਸ਼ਹਿਣਾ ਦੀ ਜੀਟੀਰੋਡ ’ਤੇ ਜਦ ਇਹ ਪਸ਼ੂ ਲੰਘਦੇ ਹਨ ਤਾਂ ਹਰ ਸਮੇਂ ਹਾਦਸਿਆਂ ਦਾ ਖਤਰਾ ਬਣਿਆ ਰਹਿੰਦਾ ਹੈ। ਇਨ੍ਹਾਂ ਲਾਵਾਰਸ ਪਸ਼ੂਆਂ ਨੂੰ ਰਾਤ ਸਮੇਂ ਅਗਿਆਤ ਲੋਕ ਟਰੱਕਾਂ ਰਾਹੀ ਛੱਡ ਜਾਂਦੇ ਹਨ। ਭੁੱਖਮਰੀ ਦਾ ਸ਼ਿਕਾਰ ਪਸ਼ੂ ਸੜਕਾਂ ਬਾਜ਼ਾਰਾਂ ਵਿੱਚ ਕਾਗਜ ਖਾਂਦੇ ਫਿਰਦੇ ਹਨ ਅਤੇ ਪੀਣ ਵਾਲੇ ਪਾਣੀ ਤੱਕ ਲਈ ਮੋਹਤਾਜ ਹਨ। ਅਜੇ ਤੱਕ ਕੋਈ ਵੀ ਸਮਾਜ ਸੇਵੀ ਜੱਥੇਬੰਦੀ ਇਨ੍ਹਾਂ ਦੀ ਮਦਦ ਲਈ ਅੱਗੇ ਨਹੀ ਆਈ ਹੈ। ਕਿਸਾਨਾਂ ਅਤੇ ਲੋਕਾਂ ਦੀ ਮੰਗ ਹੈ ਕਿ ਲਾਵਾਰਸ ਪਸ਼ੂ ਛੱਡਣ ਵਾਲਿਆਂ ਤੇ ਸਖਤੀ ਕੀਤੀ ਜਾਵੇ ਅਤੇ ਇਨ੍ਹਾਂ ਪਸ਼ੂਆਂ ਦੀ ਸਾਂਭ ਸੰਭਾਲ ਦੇ ਪ੍ਰਬੰਧ ਕੀਤੇ ਜਾਣ।