ਗੁਰਜੰਟ ਕਲਸੀ
ਸਮਾਲਸਰ, 21 ਅਗਸਤ
ਮਾਲਵੇ ਵਿੱਚ ਪਿਛਲੇ ਦਿਨੀਂ ਪਏ ਭਰਵੇਂ ਮੀਂਹ ਕਾਰਨ ਪਿੰਡਾਂ ਵਿੱਚ ਛੱਪੜ ਓਵਰਫਲੋਅ ਹੋਣ ਕਾਰਨ ਪਾਣੀ ਗਲੀਆਂ ਵਿੱਚ ਭਰ ਗਿਆ ਹੈ। ਗਲੀਆਂ ਵਿੱਚ ਖੜ੍ਹੇ ਗੰਦੇ ਪਾਣੀ ਕਾਰਨ ਜਿੱਥੇ ਲੋਕਾਂ ਨੂੰ ਲੰਘਣ ਵਿੱਚ ਪ੍ਰੇਸ਼ਾਨੀ ਹੋ ਰਹੀ ਹੈ ਉੱਥੇ ਹੀ ਬਿਮਾਰੀਆਂ ਫ਼ੈਲਣ ਦਾ ਡਰ ਵੀ ਬਣਿਆ ਹੋਇਆ ਹੈ। ਪਿੰਡ ਲੰਡੇ ਦੇ ਵਾਰਡ ਨੰਬਰ 10 ਵਿੱਚ ਬਰਾੜ ਫਲੋਰ ਮਿਲਜ਼ ਨੇੜੇ ਪੈਂਦੇ ਚੌਕ ਤੋਂ ਨੂਰ ਮੁਹੰਮਦ ਦੇ ਘਰ ਵੱਲ ਜਾਂਦੀ ਗਲੀ ਵਿੱਚ ਖੜ੍ਹਾ ਮੀਂਹ ਦਾ ਪਾਣੀ ਬਦਬੂ ਮਾਰ ਰਿਹਾ ਹੈ, ਜਿਸ ਕਾਰਨ ਲੋਕਾਂ ਦਾ ਇੱਧਰੋਂ ਲੰਘਣਾ ਮੁਹਾਲ ਹੋਇਆ ਪਿਆ ਹੈ।
ਨੂਰ ਮੁਹੰਮਦ ਨੇ ਦੱਸਿਆ ਕਿ ਛੱਪੜ ਓਵਰਫਲੋਅ ਹੋਣ ਕਾਰਨ ਪਾਣੀ ਘਰਾਂ ਵਿੱਚ ਵੜ੍ਹ ਗਿਆ ਹੈ ਅਤੇ ਗੰਦੇ ਪਾਣੀ ਦੀ ਬਦਬੂ ਕਾਰਨ ਸਾਹ ਲੈਣਾ ਵੀ ਔਖਾ ਹੋਇਆ ਪਿਆ ਹੈ। ਇਸੇ ਤਰ੍ਹਾਂ ਬੱਚੇ ਅਤੇ ਬਜ਼ੁਰਗ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਲੰਡੇ ਦੇ ਸਰਪੰਚ ਗੁਰਪ੍ਰੀਤ ਸਿੰਘ ਭੱਟੀ ਨੇ ਦੱਸਿਆ ਕਿ ਤੀਆਂ ਵਾਲੇ ਛੱਪੜ ਵਿਚੋਂ ਗੰਦੇ ਪਾਣੀ ਦੀ ਨਿਕਾਸੀ ਲਈ ਬਿਜਲੀ ਦੀ ਮੋਟਰ ਲਾਈ ਹੋਈ ਹੈ, ਜੋ ਗੰਦਾ ਪਾਣੀ ਅੱਗੇ ਲੰਙੇਆਣਾ ਸੇਮ ਨਾਲੇ ਵਿੱਚ ਸੁੱਟਦੀ ਰਹਿੰਦੀ ਹੈ ਪਰ ਜ਼ਿਆਦਾ ਮੀਂਹ ਪੈਣ ਕਾਰਨ ਸਮੱਸਿਆ ਵਧ ਗਈ ਹੈ, ਫਿਰ ਵੀ ਕੋਸ਼ਿਸ਼ ਜਾਰੀ ਹੈ। ਇਵੇਂ ਹੀ ਸੇਖਾ ਕਲਾਂ ਦੇ ਸਮਾਜ ਸੇਵੀ ਡਾ. ਰਾਜ ਦੁਲਾਰ ਅਤੇ ਸਿਮਰਤ ਸੇਖਾ ਨੇ ਦੱਸਿਆ ਕਿ ਇਕ ਗਲੀ ਵਿੱਚ ਲੱਗਿਆ ਬਿਜਲੀ ਸਪਲਾਈ ਦਾ ਟਰਾਂਸਫਾਰਮਰ ਪਾਣੀ ਦੀ ਮਾਰ ਹੇਠ ਆ ਗਿਆ ਹੈ। ਟਰਾਂਸਫਾਰਮਰ ਵਿੱਚ ਨੁਕਸ ਪੈਣ ’ਤੇ ਕੋਈ ਬਿਜਲੀ ਕਰਮਚਾਰੀ ਖੜ੍ਹੇ ਗੰਦੇ ਪਾਣੀ ਕਾਰਨ ਖੰਭੇ ’ਤੇ ਚੜ੍ਹ ਨਹੀਂ ਸਕਦਾ। ਇਸ ਸਬੰਧੀ ਬਿਜਲੀ ਅਧਿਕਾਰੀਆਂ ਨੇ ਪ੍ਰਸ਼ਾਸਨ ਨੂੰ ਵੀ ਜਾਣਕਾਰੀ ਦਿੱਤੀ ਹੈ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਉਹ ਗੰਦੇ ਪਾਣੀ ਦੀ ਨਿਕਾਸੀ ਲਈ ਪ੍ਰਸ਼ਾਸਨ ਨੂੰ ਕਈ ਵਾਰ ਅਪੀਲ ਕਰ ਚੁੱਕੇ ਹਨ ਪਰ ਕਿਤੇ ਕੋਈ ਸੁਣਵਾਈ ਨਹੀਂ ਹੋਈ।