ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 29 ਦਸੰਬਰ
ਸ਼੍ਰੋਮਣੀ ਅਕਾਲੀ ਦਲ ਐੱਸ.ਸੀ. ਵਿੰਗ ਜ਼ਿਲ੍ਹਾ ਫ਼ਰੀਦਕੋਟ ਵੱਲੋਂ ਇੱਥੇ ਜ਼ਿਲ੍ਹਾ ਪੱਧਰੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਜ਼ਿਲ੍ਹੇ ਭਰ ਦੇ ਆਗੂਆਂ ਤੇ ਵਰਕਰਾਂ ਨੇ ਹਿੱਸਾ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਥ ਅਕਾਲੀ ਦਲ ਦੇ ਸੂਬਾ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ ਪੰਜਾਬ ’ਚ ਜਦੋਂ ਵੀ ਅਕਾਲੀ ਦਲ ਦੀ ਸਰਕਾਰ ਬਣੀ ਹੈ ਉਦੋਂ ਹੀ ਐਸ.ਸੀ. ਵਰਗ ਖਾਸ ਕਰ ਕੇ ਗਰੀਬਾਂ ਲਈ ਕਈ ਲੋਕ ਭਲਾਈ ਸਕੀਮਾਂ ਲਿਆਂਦੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਕਾਂਗਰਸ ਤੋਂ ਅੱਕੇ ਸਾਰੇ ਵਰਗਾਂ ਦੇ ਲੋਕ ਸਰਕਾਰ ਨੂੰ ਛੇਤੀ ਹੀ ਚੱਲਦਾ ਕਰਨ ਦੀ ਤਾਕ ’ਚ ਹਨ ਅਤੇ ਪੰਜਾਬ ’ਚ ਮੁੜ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਕਾਹਲੇ ਹਨ। ਇਸ ਮੌਕੇ ਸੁਖਜੀਵ ਕੌਰ ਰੋਮਾਣਾ, ਐਡਵੋਕੇਟ ਲਖਵੀਰ ਸਿੰਘ, ਸ਼ਾਮ ਲਾਲ ਸਰਪੰਚ, ਸਤੀਸ਼ ਗਰੋਵਰ, ਵਿਜੈ ਛਾਬੜਾ ਤੇ ਗੁਰਪ੍ਰੀਤ ਸੰਧੂ ਆਦਿ ਹਾਜ਼ਰ ਸਨ।
ਕੋਟਭਾਈ ਵੱਲੋਂ ਪਿੰਡਾਂ ਵਿੱਚ ਮੀਟਿੰਗਾਂ
ਮਲੋਟ (ਨਿੱਜੀ ਪੱਤਰ ਪ੍ਰੇਰਕ): ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮਲੋਟ ਹਲਕੇ ’ਚ ਚੋਣ ਸਰਗਰਮੀਆਂ ਦਾ ਆਗਾਜ਼ ਕੀਤਾ। ਇਸ ਕੜੀ ਤਹਿਤ ਉਨ੍ਹਾਂ ਪਿੰਡ ਖਾਨੇ ਕੀ ਢਾਬ ਵਿੱਚ ਭਰਵੀਂ ਮੀਟਿੰਗ ਕੀਤੀ। ਉਨ੍ਹਾਂ ਦੱਸਿਆ ਕਿ ਹੁਣ ਤੱਕ ਉਹ ਪਿੰਡ ਬਾਂਮ, ਲੱਕੜਵਾਲਾ, ਸੇਰਗੜ, ਕਿੰਗਰਾ, ਕਟੋਰੇਵਾਲਾ, ਖਾਨੇ ਕੀ ਢਾਬ, ਰਾਮਨਗਰ ਤੇ ਸੋਥਾ ਵਿੱਚ ਮੀਟਿੰਗਾਂ ਕਰ ਚੁੱਕੇ ਹਨ ਅਤੇ ਲੋਕਾਂ ਵੱਲੋਂ ਉਨ੍ਹਾਂ ਨੂੰ ਭਾਰੀ ਸਹਿਯੋਗ ਮਿਲਿਆ ਹੈ। ਇਸ ਦੌਰਾਨ ਪਿੰਡ ਸੋਥਾ ’ਚ ਅੱਧੀ ਦਰਜਨ ਕਾਂਗਰਸੀ ਪਰਿਵਾਰ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋਏ।