ਪੱਤਰ ਪ੍ਰੇਰਕ
ਬੁਢਲਾਡਾ 25 ਫਰਵਰੀ
ਇੱਥੋਂ ਦੀ ਜਾਖਲ-ਭੀਖੀ ਦੋ ਲੇਨ ਸੜਕ ਨੂੰ ਚਾਰ ਲੇਨ ਬਣਾਉਣ ਲਈ ਭਾਰਤ ਸਰਕਾਰ ਦੇ ਸੜਕੀ ਆਵਾਜਾਈ ਅਤੇ ਰਾਜਮਾਰਗੀ ਵਿਭਾਗ ਵੱਲੋਂ 24 ਜਨਵਰੀ 2019 ਨੂੰ ਐੱਨ.ਐਚ 148 ਬੀ ਲਈ ਕਿਲੋਮੀਟਰ 249 ਤੋਂ ਕਿੱਲੋਮੀਟਰ 287 ਤੱਕ ਐਕੁਆਇਰ ਕਰ ਲਿਆ ਗਿਆ ਸੀ ਪਰੰਤੂ ਦੋ ਸਾਲ ਬੀਤ ਜਾਣ ’ਤੇ ਵੀ ਬੁਢਲਾਡਾ, ਬਰੇਟਾ ਅਤੇ ਇਸ ਰਾਜਮਾਰਗ ’ਤੇ ਪੈਂਦੇ ਪਿੰਡਾਂ ਦੇ ਕਿਸਾਨਾਂ, ਦੁਕਾਨਦਾਰਾਂ, ਸਕੂਲਾਂ-ਕਾਲਜਾਂ ਦੇ ਮਾਲਕਾਂ ਦੀਆਂ ਐਕੁਆਇਰ ਕੀਤੀਆਂ ਜ਼ਮੀਨਾਂ ਦੇ ਪੈਸੇ ਨਾ ਮਿਲਣ ਕਾਰਨ ਲੋਕ ਪ੍ਰੇਸ਼ਾਨ ਹਨ। ਕਿਸਾਨ ਜਥੇਦਾਰ ਤਾਰਾ ਸਿੰਘ ਵਿਰਦੀ, ਅਮਨਪ੍ਰੀਤ ਸਿੰਘ, ਡਾ. ਜਸਵਿੰਦਰ ਸਿੰਘ ਅਤੇ ਕਿਸਾਨ ਦਰਸ਼ਨ ਸਿੰਘ ਰੱਲੀ ਨੇ ਦੱਸਿਆ ਕਿ ਬੇਸ਼ੱਕ ਸ਼ਹਿਰ ’ਚੋਂ ਲੰਘਦਾ ਇਹ ਰਾਜ ਮਾਰਗ ਮੁਕੰਮਲ ਕਰ ਲਿਆ ਗਿਆ ਹੈ ਪਰੰਤੂ ਸ਼ਹਿਰ ਦੀ ਸੁੰਦਰ ਸਿਟੀ ਤੋਂ ਲੈ ਕੇ ਫੁੱਟਬਾਲ ਚੌਕ ਤੱਕ ਬਣਨ ਵਾਲੇ ਦੋ ਪੁਲਾਂ ਦਾ ਕੰਮ ਅਧੂਰਾ ਛੱਡ ਦਿੱਤਾ ਗਿਆ ਹੈ। ਜਿੱਥੋਂ ਲੰਘਦਿਆਂ ਲੋਕਾਂ ਨੂੰ ਆਪਣੇ ਵਾਹਨਾਂ ਸਮੇਤ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਤੁਰੰਤ ਕਿਸਾਨਾਂ ਦੇ ਖਾਤਿਆਂ ਵਿੱਚ ਉਨ੍ਹਾਂ ਦੀਆਂ ਜ਼ਮੀਨਾਂ ਦੇ ਬਣਦੇ ਪੈਸੇ ਨਾ ਪਾਏ ਤਾਂ ਬੁਢਲਾਡਾ ਦੇ ਕਾਲਜ ਚੌਕ ਨੂੰ ਟਿਕਰੀ ਬਾਰਡਰ ਦਾ ਰੂਪ ਦੇ ਦਿੱਤਾ ਜਾਵੇਗਾ।