ਪੱਤਰ ਪ੍ਰੇਰਕ
ਬੱਲੂਆਣਾ (ਅਬੋਹਰ), 21 ਜੁਲਾਈ
‘ਆਪ’ ਸਰਕਾਰ ਵੱਲੋਂ ਦਿੱਤੀਆਂ ਪੰਜ ਗਾਰੰਟੀਆਂ ਵਿੱਚੋਂ ਇਕ ਮੁਫਤ ਬਿਜਲੀ ਯੋਜਨਾ ਲਾਗੂ ਕਰਨ ਲਈ ਭੰਬਲਭੂਸਾ ਪੈ ਗਿਆ ਹੈ। ਮੁਫ਼ਤ ਬਿਜਲੀ ਯੋਜਨਾ ਤਹਿਤ ਪੱਛੜੀਆਂ ਸ਼੍ਰੇਣੀਆਂ, ਅਨੁਸੂਚਿਤ ਜਾਤੀ ਅਤੇ ਫਰੀਡਮ ਫਾਈਟਰ ਵਰਗ ਨੂੰ ਛੇ ਸੌ ਯੂਨਿਟ ਤੱਕ ਬਿਜਲੀ ਮੁਫ਼ਤ ਦੇਣ ਅਤੇ ਇਸ ਤੋਂ ਉੱਪਰ ਚੱਲੇ ਯੂਨਿਟਾਂ ਦਾ ਭੁਗਤਾਨ ਲੈਣ ਸਬੰਧੀ ਨੋਟੀਫਿਕੇਸ਼ਨ ਜਾਰੀ ਨਾ ਹੋਣ ਕਾਰਨ ਖਪਤਕਾਰ ਖਫਾ ਹਨ। ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਜਥੇਬੰਦੀ ਦੇ ਆਗੂ ਗੁਰਮੀਤ ਸਿੰਘ ਪ੍ਰਜਾਪਤੀ ਦਾ ਕਹਿਣਾ ਹੈ ਕਿ ਨੋਟੀਫਿਕੇਸ਼ਨ ਜਾਰੀ ਨਾ ਕਰਨ ਕਾਰਨ ਸਰਕਾਰ ਦੀ ਨੀਅਤ ’ਤੇ ਸ਼ੱਕ ਹੋਣ ਲੱਗ ਪਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ ਪਛੜੇ ਵਰਗਾਂ ਨੂੰ ਛੇ ਸੌ ਯੂਨਿਟ ਤਕ ਬਿਜਲੀ ਮੁਆਫ਼ੀ ਸਕੀਮ ਦੇ ਦਾਇਰੇ ਹੇਠ ਲਿਆਉਣ ਸਬੰਧੀ ਦਿੱਤੇ ਬਿਆਨ ਉਪਰੰਤ ਇੱਕ ਕਿਲੋਵਾਟ ਤੋਂ ਵੱਧ ਖਪਤ ਵਾਲੇ ਖਪਤਕਾਰ ਰਿਕਾਰਡ ਵਿੱਚ ਜਾਤੀ ਸਬੰਧੀ ਦਸਤਾਵੇਜ਼ ਜਮ੍ਹਾ ਕਰਵਾਉਣ ਤੋਂ ਵਾਂਝੇ ਰਹਿ ਰਹੇ ਹਨ। ਪੰਜਾਬ ਰਾਜ ਪਾਵਰਕੌਮ ਕਾਰਪੋਰੇਸ਼ਨ ਦੇ ਸੀਨੀਅਰ ਐਕਸੀਅਨ ਸੁਰੇਸ਼ ਕੁਮਾਰ ਦਾ ਕਹਿਣਾ ਹੈ ਕਿ ਅਜੇ ਤੱਕ ਮੁਫ਼ਤ ਬਿਜਲੀ ਸਕੀਮ ਬਾਬਤ ਨੋਟੀਫਿਕੇਸ਼ਨ ਉਨ੍ਹਾਂ ਦੇ ਦਫ਼ਤਰ ਨਹੀਂ ਪੁੱਜਿਆ। ਉਨ੍ਹਾਂ ਕਿਹਾ ਕਿ ਪਹਿਲੀ ਜੁਲਾਈ ਤੋਂ ਮੁਫ਼ਤ ਬਿਜਲੀ ਸਕੀਮ ਲਾਗੂ ਹੋ ਚੁੱਕੀ ਹੈ, ਜਿਉਂ ਹੀ ਨੋਟੀਫਿਕੇਸ਼ਨ ਮਹਿਕਮੇ ਦੇ ਦਫਤਰਾਂ ਵਿੱਚ ਪੁੱਜੇਗਾ, ਉਸ ’ਤੇ ਅਮਲ ਸ਼ੁਰੂ ਕਰ ਦਿੱਤਾ ਜਾਵੇਗਾ ।