ਜੋਗਿੰਦਰ ਸਿੰਘ ਮਾਨ
ਮਾਨਸਾ, 6 ਜੂਨ
ਜੇਠ ਦੇ ਮਹੀਨੇ ਵਿੱਚ ਨਹਿਰਾਂ ਦੀ ਬੰਦੀ ਕਾਰਨ ਖੇਤਾਂ ਦੀ ਪਿਆਸ ਬੁਝ ਨਹੀਂ ਸਕੀ। ਪਾਣੀ ਦੀ ਘਾਟ ਨੇ ਨਰਮੇ ਦੀ ਸ਼ੁੱਧ ਬਿਜਾਈ ਵਾਲੇ ਦਿਨਾਂ ਨੂੰ ਲੰਘਾ ਦਿੱਤਾ ਹੈ। ਪਾਣੀ ਦੀ ਘਾਟ ਖੇਤਾਂ ਤੋਂ ਚੱਲ ਕੇ ਪਿੰਡਾਂ ਦੇ ਘਰਾਂ ਤੱਕ ਪੁੱਜ ਗਈ ਹੈ। ਵਾਟਰ ਵਰਕਸਾਂ ਦੇ ਟੈਂਕ ਭਰੇ ਹੀ ਨਹੀਂ ਜਾ ਸਕੇ ਹਨ।
ਵਰਲਡ ਬੈਂਕ ਵੱਲੋਂ ਵਾਟਰ ਵਰਕਸਾਂ ਉੱਤੇ ਕਰੋੜਾਂ ਰੁਪਏ ਖਰਚ ਕੇ ਵੀ ਲੋਕਾਂ ਨੂੰ ਸ਼ੁੱਧ, ਸਾਫ਼-ਸੁਥਰਾ ਅਤੇ ਸਮਰੱਥਾ ਅਨੁਸਾਰ ਪਾਣੀ ਨਹੀਂ ਮਿਲ ਰਿਹਾ ਹੈ। ਇਸ ਵਾਰ ਲੋਕਾਂ ਦੀ ਪਿਆਸ ਮਿਟਾਉਣ ਦੇ ਹਕੂਮਤੀ ਦਾਅਵਿਆਂ ਨੂੰ ਵਾਟਰ ਵਰਕਸ ਦੀਆਂ ਪਾਈਪਾਂ ਵਾਂਗ ਜੰਗਾਲ ਲੱਗ ਪਿਆ ਹੈ। ਮਹਿਕਮੇ ਦੀ ਅਣਗਹਿਲੀ ਕਾਰਨ ਆਮ ਲੋਕ ਹੀ ਪੀਣ ਵਾਲੇ ਪਾਣੀ ਦੀ ਬੂੰਦ-ਬੂੰਦ ਨੂੰ ਤਰਸਣ ਲੱਗੇ ਹਨ। ਅਨੇਕਾਂ ਪਿੰਡਾਂ ਵਿੱਚ ਘਰਾਂ ’ਚੋਂ ਘੜੇ ਚੱਕ ਕੇ ਔਰਤਾਂ ਨੇ ਮੁੱਖ ਮਾਰਗਾਂ ’ਤੇ ਜਾਮ ਵੀ ਲਾਏ ਪਰ ਭਰੋਸਿਆਂ ਤੋਂ ਸਿਵਾਏ ਕੁਝ ਨਹੀਂ ਮਿਲਿਆ।
ਨਹਿਰੀ ਮਹਿਕਮੇ ਮੁਤਾਬਕ ਕੋਟਲਾ ਬ੍ਰਾਂਚ ’ਚੋਂ ਨਿਕਲਦੇ ਸਾਰੇ ਰਜਬਾਹੇ ਅਤੇ ਸੂਏ-ਕੱਸੀਆਂ ਖਾਲੀ ਚੱਲ ਰਹੇ ਹਨ। ਇਸ ਕਾਰਨ ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦੀ ਵੱਡੀ ਘਾਟ ਖੜ੍ਹੀ ਹੋ ਗਈ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਮੀਤ ਪ੍ਰਧਾਨ ਇੰਦਰਜੀਤ ਸਿੰਘ ਝੱਬਰ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਤਿੰਨ ਦਿਨਾਂ ਤੱਕ ਨਹਿਰਾਂ ਵਿੱਚ ਪਾਣੀ ਨਾ ਛੱਡਿਆ ਗਿਆ ਤਾਂ ਮਾਨਸਾ ਸਥਿਤ ਐਕਸੀਅਨ ਦਫਤਰ ਅੱਗੇ ਪੱਕੇ ਤੌਰ ’ਤੇ ਧਰਨਾ ਲਾਇਆ ਜਾਵੇਗਾ, ਜੋ ਪਾਣੀ ਆਉਣ ਤੋਂ ਬਾਅਦ ਹੀ ਚੁੱਕਿਆ ਜਾਵੇਗਾ। ਇਸੇ ਦੌਰਾਨ ਜਦੋਂ ਮਾਨਸਾ ਦੇ ਡਿਪਟੀ ਕਮਿਸ਼ਨਰ ਮਹਿੰਦਰਪਾਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਕੱਲ੍ਹ ਤੱਕ ਪਾਣੀ ਪਿੱਛੋਂ ਛੱਡ ਦਿੱਤਾ ਜਾਵੇਗਾ ਅਤੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਵਾਸਤੇ ਅੱਠ ਘੰਟੇ ਮੋਟਰਾਂ ਲਈ ਬਿਜਲੀ ਦੀ ਸਪਲਾਈ ਦਿੱਤੀ ਜਾਣ ਲੱਗੀ ਹੈ।