ਪਰਮਜੀਤ ਸਿੰਘ
ਫਾਜ਼ਿਲਕਾ, 18 ਜੂਨ
ਸਰਹੱਦੀ ਖੇਤਰ ਦੇ ਲੋਕਾਂ ਨੇ ਅੱਜ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਹੜ੍ਹਾਂ ਦੀ ਰੋਕਥਾਮ ਲਈ ਸਤਲੁਜ ਦਰਿਆ ਦੀ ਖੁਦਾਈ ਅਤੇ ਪੁਟਾਈ ਲਈ ਲੱਖ ਰੁਪਏ ਤੋਂ ਲੈ ਕੇ ਕਰੋੜਾਂ ਰੁਪਏ ਆਉਂਦੇ ਹਨ, ਪ੍ਰੰਤੂ ਇਹ ਪੈਸੇ ਸਤਲੁਜ ਦਰਿਆ ਦੀ ਖੁਦਾਈ ਤੇ ਖਰਚਣ ਦੀ ਬਜਾਏ ਸਬੰਧਤ ਅਧਿਕਾਰੀਆਂ ਵੱਲੋਂ ਹੜੱਪ ਕਰ ਲਏ ਜਾਂਦੇ ਹਨ। ਸਤਲੁਜ ਦਰਿਆ ਵਿੱਚ ਖੜ੍ਹ ਕੇ ਸਬੂਤ ਦਿੰਦਿਆਂ ਸਰਹੱਦੀ ਲੋਕਾਂ ਦੀ ਅਗਵਾਈ ਕਰ ਰਹੇ ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਹੰਸਰਾਜ ਗੋਲਡਨ, ਸਰਹੱਦੀ ਪਿੰਡਾਂ ਦੇ ਬਲਾਕ ਸਮਿਤੀ ਮੈਂਬਰ ਕਾਮਰੇਡ ਸ਼ੁਬੇਗ ਝੰਗੜ ਭੈਣੀ,ਕਾਮਰੇਡ ਤੇਜਾ ਸਿੰਘ ਅਤੇ ਦਰਜਨਾਂ ਪਿੰਡਾਂ ਤੋਂ ਆਏ ਵਿਅਕਤੀਆਂ ਨੇ ਦੋਸ਼ ਲਾਇਆ ਕਿ ਸਤਲੁਜ ਦਰਿਆ ਵਿੱਚ ਵੱਡੇ ਪੱਧਰ ‘ਤੇ ਗਾਰ ਅਤੇ ਮਿੱਟੀ ਇਸ ਗੱਲ ਦਾ ਸਬੂਤ ਦੇ ਰਹੀ ਹੈ, ਕਿ ਸਤਲੁਜ ਦਰਿਆ ਦੀ ਖੁਦਾਈ ਲਈ ਆਏ ਕਰੋੜਾਂ ਰੁਪਏ ਕਿੱਥੇ ਚਲੇ ਗਏ। ਦਰਿਆ ਦੀ ਖੁਦਾਈ ਨਾ ਹੋਣ ਕਾਰਨ ਕਾਵਾਂ ਵਾਲੇ ਪੱਤਣ ‘ਤੇ ਪੈਂਦੇ ਪੁਲ ਕਾਰਨ ਦਰਿਆ ਦੇ ਦਰ ਬੰਦ ਹੋ ਚੁੱਕੇ ਹਨ, ਜਿਸ ਕਾਰਨ ਦਰਜਨਾਂ ਪਿੰਡਾਂ ਵਿੱਚ ਦਰਿਆ ਦਾ ਪਾਣੀ ਚੜ੍ਹ ਜਾਂਦਾ ਹੈ। ਇਸ ਮੌਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਹਰ ਸਾਲ ਦਰਿਆ ਵਿੱਚ ਖੁਦਾਈ ਨਾ ਹੋਣ ਕਰਕੇ ਦਰਿਆ ਦੇ ਪਾਣੀ ਨਾਲ ਉਨ੍ਹਾਂ ਦੀਆਂ ਫਸਲਾਂ ਅਤੇ ਘਰ ਤਬਾਹ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਿਜੀਲੈਂਸ ਅਤੇ ਸੀਬੀਆਈ ਦੀ ਜਾਂਚ ਹੋਣੀ ਚਾਹੀਦੀ ਹੈ ਜ਼ਿਲ੍ਹਾ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਦਾ ਕਹਿਣਾ ਹੈ ਕਿ ਉਹ ਪਿਛਲੇ ਤਿੰਨ ਮਹੀਨਿਆਂ ਵਿੱਚ ਹੜ੍ਹਾਂ ਦੀ ਰੋਕਥਾਮ ਅਤੇ ਸਤਲੁਜ ਦਰਿਆ ਦੀ ਖੁਦਾਈ ਲਈ ਦੋ ਮੀਟਿੰਗਾਂ ਕਰ ਚੁੱਕੇ ਹਨ ਅਤੇ ਦਰਿਆ ਦੀ ਖੁਦਾਈ ਚੱਲ ਰਹੀ ਹੈ। ਪ੍ਰਸ਼ਾਸਨ ਅਤੇ ਸਰਹੱਦੀ ਲੋਕਾਂ ਦੀ ਹਕੀਕਤ ‘ਚ ਜ਼ਮੀਨ ਅਸਮਾਨ ਦਾ ਫਰਕ ਹੈ।ਸਰਹੱਦ ‘ਤੇ ਵਸੇ ਲੋਕ ਹਕੀਕਤ ਬਿਆਨ ਕਰਨ ਲਈ ਦਰਿਆ ਵਿੱਚ ਖੜ੍ਹ ਕੇ ਸੱਚ ਸਾਹਮਣੇ ਦਿਖਾ ਰਹੇ ਹਨ, ਜਦੋਂ ਕਿ ਡੀਸੀ ਆਪਣੇ ਦਫ਼ਤਰ ਵਿੱਚ ਬੈਠ ਕੇ ਹੀ ਬਿਨਾਂ ਮੌਕਾ ਵੇਖਿਆ ਸਤਲੁਜ ਦਰਿਆ ਦੀ ਖ਼ੁਦਾਈ ਦੀ ਗੱਲ ਕਰ ਰਹੇ ਹਨ।