ਰਾਜਿੰਦਰ ਵਰਮਾ
ਭਦੌੜ, 3 ਜੁਲਾਈ
ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਭਦੌੜ ਨੇ ਛੇਵੇਂ ਪੇਅ ਕਮਿਸ਼ਨ ਦੀ ਰਿਪੋਰਟ ਖ਼ਿਲਾਫ਼ ਅੱਜ ਨਗਰ ਕੌਂਸਲ ਤੋਂ ਲੜਕੀਆਂ ਸਕੂਲ ਤੱਕ ਰੋਸ ਰੈਲੀ ਕੱਢਣ ਮਗਰੋੋਂ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਪੁਤਲਾ ਫੂਕਿਆ ਅਤੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਐਸੋਸੀਏਸ਼ਨ ਦੇ ਪ੍ਰਧਾਨ ਰਣਧੀਰ ਸਿੰਘ, ਮਾ. ਰਾਮ ਕੁਮਾਰ, ਮਾ. ਬਲਵਿੰਦਰ ਸਿੰਘ ਅਤੇ ਗੁਰਚਰਨ ਸਿੰਘ ਨਾਨਕ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਬਣਦਾ ਹੱਕ ਦੇਣ ਦੀ ਬਜਾਏ ਅਤੇ ਭੱਤਿਆਂ ਵਿੱਚ ਵਾਧਾ ਕਰਨ ਦੀ ਥਾਂ ਘਟਾ ਕੇ ਮੁਲਾਜ਼ਮਾਂ ਨਾਲ ਬੇਇਨਸਾਫ਼ੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਪੇਅ ਕਮਿਸ਼ਨ ਦੀ ਰਿਪੋਰਟ ਵਿਚਲੀਆਂ ਤਰੁੱਟੀਆਂ ਨੂੰ ਦੂਰ ਕਰਕੇ ਮੁਲਾਜ਼ਮਾਂ ਨੂੰ ਬਣਦਾ ਹੱਕ ਨਹੀਂ ਦਿੰਦੀ, ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਸਕੱਤਰ ਬਲਵਿੰਦਰ ਸਿੰਘ ਗੋਲੂ, ਅਸੋਕ ਕੁਮਾਰ ਗੁਪਤਾ, ਅਮਰਜੀਤ ਚੌਧਰੀ, ਦਰਸ਼ਨ ਸਿੰਘ ਪਟਵਾਰੀ, ਡਾ: ਅਮਰ ਸਿੰਘ, ਜਗਰਾਜ ਸਿੰਘ ਕਾਨੂੰਗੋ, ਪ੍ਰੇਮ ਕੁਮਾਰ ਸਿੰਗਲਾ, ਜਸਵੰਤ ਸਿੰਘ ਗਰੇਵਾਲ , ਅਜੈਬ ਸਿੰਘ, ਮਾ. ਦਰਸ਼ਨ ਸਿੰਘ, ਮਹਿੰਦਰ ਸਿੰਘ, ਸੁਲੱਖਣ ਸਿੰਘ ਅਤੇ ਬਲਜਿੰਦਰ ਸਿੰਘ ਹਾਜ਼ਰ ਸਨ।