ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ, 9 ਜੂਨ
ਸਿਵਲ ਸਰਜਨ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਮਿਸ਼ਨ ਫਤਹਿ ਤਹਿਤ ਜ਼ਿਲ੍ਹੇ ਵਿੱਚ ਕਰੋਨਾ ਨੂੰ ਕਾਬੂ ਕਰਨ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ ਅਤੇ ਅਧਿਕਾਰੀਆਂ ਦੀਆਂ ਟੀਮਾਂ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਨਿਭਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਜ਼ਿਲ੍ਹੇ ਵਿੱਚ ਜੇਕਰ ਕੋਈ ਵਿਅਕਤੀ ਮਾਸਕ ਨਹੀਂ ਪਹਿਨੇਗਾ ਤਾਂ ਉਸ ਨੂੰ 500/-ਰਪਏ, ਇਕਾਂਤਵਾਸ ਦੀ ਉਲੰਘਣਾ ਕਰਨ ਵਾਲੇ ਨੂੰ 2000/- ਰੁਪਏ ਅਤੇ ਜਨਤਕ ਸਥਾਨ ’ਤੇ ਥੁੱਕਣ ਵਾਲੇ ਵਿਅਕਤੀ ਨੂੰ 500/- ਰੁਪਏ ਮੌਕੇ ’ਤੇ ਜੁਰਮਾਨਾ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਕੁਝ ਸ਼ਰਾਰਤੀ ਲੋਕ ਕੋਵਿਡ-19 ਤਹਿਤ ਚਲਾਨ ਅਤੇ ਤੰਬਾਕੂ ਉਤਪਾਦਾਂ ਸਬੰਧੀ ਕੋਟਪਾ ਅਧੀਨ ਚਲਾਨ ਦੀ ਆੜ ਵਿੱਚ ਦੁਕਾਨਦਾਰਾਂ ਤੋਂ ਡਰਾ-ਧਮਕਾ ਕੇ ਪੈਸਿਆਂ ਦੀ ਵਸੂਲੀ ਕਰ ਰਹੇ ਹਨ।
ਉਨ੍ਹਾਂ ਲੋਕਾਂ ਨੂੰ ਸੁਚੇਤ ਕਰਦਿਆਂ ਦੱਸਿਆ ਕਿ ਇਸ ਕਿਸਮ ਦੇ ਚਲਾਨ ਕੱਟਣ ਲਈ ਪੁਲੀਸ ਅਧਿਕਾਰੀਆਂ ਤੋਂ ਇਲਾਵਾ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਾਪੀਆਂ ਜਾਰੀ ਕਰਕੇ ਅਧਿਕਾਰਤ ਕੀਤਾ ਗਿਆ ਹੈ ਅਤੇ ਜੇ ਕੋਈ ਵਿਅਕਤੀ ਅਜਿਹੇ ਚਲਾਨ ਤੇ ਪੈਸੇ ਮੰਗਦਾ ਹੈ ਤਾਂ ਉਸ ਨੂੰ ਚਲਾਨ ਕਾਪੀ ਪ੍ਰਾਪਤ ਕਰਕੇ ਹੀ ਭੁਗਤਾਨ ਕੀਤਾ ਜਾਵੇ ਅਤੇ ਜੇ ਕੋਈ ਵੀ ਵਿਅਕਤੀ ਬਿਨਾਂ ਰਸੀਦ ਤੋਂ ਚਲਾਨ ਦੇ ਨਾਮ ’ਤੇ ਪੈਸੇ ਵਸੂਲਦਾ ਹੈ ਤਾਂ ਤੁਰੰਤ ਇਸ ਦੀ ਜਾਣਕਾਰੀ ਸਿਵਲ ਸਰਜਨ ਦਫਤਰ ਜਾਂ ਪੁਲੀਸ ਨੂੰ ਦਿੱਤੀ ਜਾਵੇ।