ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 5 ਸਤੰਬਰ
ਪੰਜਾਬ ਸਰਕਾਰ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ ਦੇਣ ਲਈ ਨਿਯਮਾਂ ਵਿੱਚ ਸੋਧ ਕਰਨ ਲਈ ਤਿਆਰ ਸੀ ਪਰ ਤੀਹ ਸਾਲ ਪਹਿਲਾਂ ਕਿਸਾਨੀ ਸੰਘਰਸ਼ ਦੌਰਾਨ ਜਾਨ ਗੁਆ ਚੁੱਕੇ ਪਿੰਡ ਜਗਾ ਰਾਮ ਤੀਰਥ ਦੇ ਇੱਕ ਕਿਸਾਨ ਦਾ ਪੁੱਤਰ ਨੌਕਰੀ ਲਈ ਧੱਕੇ ਖਾ ਰਿਹਾ ਹੈ, ਜਿਸ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਹ ਲੀਡਰਾਂ ਤੇ ਅਫਸਰਾਂਂ ਨੂੰ ਬੇਨਤੀਆਂ ਕਰਕੇ ਥੱਕ ਚੁੱਕਿਆ ਹੈ। ਮੁੱਖ ਮੰਤਰੀ ਪੰਜਾਬ ਦੇ ਨਾਂ ਇੱਕ ਹੋਰ ਪੱਤਰ ਜਾਰੀ ਕਰਦਿਆਂ ਨੌਜਵਾਨ ਇਕਬਾਲ ਸਿੰਘ ਨੇ ਦੱਸਿਆ ਕਿ 29 ਨਵੰਬਰ 1990 ਨੂੰ ਖੇਤੀਬਾੜੀ ਅਤੇ ਬਾਗਬਾਨੀ ਵਿਭਾਗ ਦੇ ਮੁਲਾਜ਼ਮਾਂ ਦੇ ਹੱਕ ਵਿੱਚ ਕਿਸਾਨਾਂ ਵੱਲੋਂ ਚੰਡੀਗੜ੍ਹ ਵਿਖੇ ਕਿਸਾਨ ਆਗੂ ਅਜਮੇਰ ਸਿੰਘ ਲੱਖੋਵਾਲ ਅਤੇ ਹੋਰਾਂ ਦੀ ਅਗਵਾਈ ਵਿੱਚ ਇੱਕ ਰੈਲੀ ਰੱਖੀ ਗਈ ਸੀ, ਜਿਸ ਵਿੱਚ ਕਿਸਾਨ ਆਗੂ ਹੋਣ ਦੇ ਨਾਤੇ ਉਸ ਦਾ ਪਿਤਾ ਜਗਸੀਰ ਸਿੰਘ ਵੀ ਸ਼ਾਮਲ ਹੋਇਆ ਸੀ। ਉਸ ਨੇ ਦੱਸਿਆ ਕਿ ਰੈਲੀ ਤੋਂ ਪਰਤਦਿਆਂ ਕਿਸਾਨਾਂ ਦਾ ਟਰੱਕ ਪਟਿਆਲਾ ਨੇੜੇ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਉਸ ਦੇ ਪਿਤਾ ਸਮੇਤ ਹਲਕਾ ਤਲਵੰਡੀ ਸਾਬੋ ਦੇ ਚਾਰ ਕਿਸਾਨ ਸ਼ਹੀਦ ਹੋ ਗਏ ਸਨ। ਪੀੜਤ ਨੌਜਵਾਨ ਅਨੁਸਾਰ ਉਸ ਸਮੇਂ ਖੇਤੀਬਾੜੀ ਵਿਭਾਗ ਵਿੱਚ ਬਾਕੀ ਦੇ ਤਿੰਨ ਸ਼ਹੀਦ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਤਾਂ ਸਰਕਾਰੀ ਨੌਕਰੀ ਦੇ ਦਿੱਤੀ ਗਈ। ਪਰ ਉਸ ਸਮੇਂ ਉਸ ਦੀ ਉਮਰ ਸਿਰਫ ਚਾਰ ਸਾਲ ਸੀ ਅਤੇ ਉਸ ਦੀ ਮਾਤਾ ਅਨਪੜ੍ਹ ਸੀ, ਜਿਸ ਕਾਰਨ ਉਹ ਨੌਕਰੀ ਤੋਂ ਵਾਂਝੇ ਰਹਿ ਗਏ। ਇਕਬਾਲ ਸਿੰਘ ਨੇ ਦੱਸਿਆ ਕਿ ਉਸ ਨੂੰ ਉਸਦੇ ਹੱਕ ਅਨੁਸਾਰ ਸਰਕਾਰੀ ਨੌਕਰੀ ਦੇਣ ਲਈ ਉਹ ਸਮੇਂ ਸਮੇਂ ਪੰਜਾਬ ਦੇ ਮੁੱਖ ਮੰਤਰੀਆਂ, ਮੰਤਰੀਆਂ, ਮੰਡੀ ਬੋਰਡ ਦੇ ਚੇਅਰਮੈਨ ਰਹਿਣ ਸਮੇਂ ਅਜਮੇਰ ਸਿੰਘ ਲੱਖੋਵਾਲ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲਦਾ ਰਿਹਾ ਹੈ ਪਰ ਅੱਜ ਤੱਕ ਉਸ ਦੀ ਕਿਤੇ ਸੁਣਵਾਈ ਨਹੀਂ ਹੋਈ। ਪੀੜਤ ਨੌਜਵਾਨ ਨੇ ਜਿੱਥੇ ਕਿਸਾਨ ਆਗੂਆਂ ਨੂੰ ਉਸਦੀ ਬਾਂਹ ਫੜਨ ਦੀ ਅਪੀਲ ਕੀਤੀ ਹੈ, ਉੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਬਾਕੀ ਤਿੰਨ ਸ਼ਹੀਦਾਂ ਦੇ ਪਰਿਵਾਰਾਂ ਵਾਂਗ ਉਸ ਨੂੰ ਵੀ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ।
ਬੈਸਟ ਪ੍ਰਾਈਸ ਮਾਲ ਅੱਗੇ ਮੁਲਾਜ਼ਮਾਂ ਦਾ ਧਰਨਾ ਜਾਰੀ
ਭੁੱਚੋ ਮੰਡੀ (ਪੱਤਰ ਪ੍ਰੇਰਕ): ਇਥੇ ਬੈਸਟ ਪ੍ਰਾਈਸ ਮਾਲ ਵਿੱਚੋਂ ਕਥਿਤ ਨੌਕਰੀ ਤੋਂ ਫਾਰਗ ਕੀਤੇ ਗਏ ਮੁਲਾਜ਼ਮਾਂ ਦਾ ਮੋਰਚਾ ਅੱਜ ਸੱਤਵੇਂ ਦਿਨ ਵੀ ਜਾਰੀ ਰਿਹਾ। ਪ੍ਰਦਰਸ਼ਨਕਾਰੀ ਮੁਲਾਜ਼ਮਾਂ ਨੇ ਵਾਲਮਾਰਟ ਕੰਪਨੀ ਦੇ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਨੌਕਰੀਆਂ ਬਹਾਲ ਕਰਨ ਦੀ ਮੰਗ ਦੁਹਰਾਈ। ਮੁਲਾਜ਼ਮ ਆਗੂ ਜਸਪ੍ਰੀਤ ਸਿੰਘ, ਹਰਜੀਤ ਸਿੰਘ, ਨਿਰਮਲ ਸ਼ਰਮਾ, ਹਰਮਨ ਸਿੰਘ ਅਤੇ ਰਾਜਵਿੰਦਰ ਸਿੰਘ ਨੇ ਕਿਹਾ ਕਿ ਉਹ ਪਿਛਲੇ ਕਰੀਬ ਦਸ ਸਾਲਾਂ ਤੋਂ ਲਗਾਤਾਰ ਬੈਸਟ ਪ੍ਰਾਈਸ ਮਾਲ ਵਿੱਚ ਕੰਮ ਕਰ ਰਹੇ ਸਨ ਪਰ ਕੰਪਨੀ ਦੇ ਅਧਿਕਾਰੀ ਸਟਾਫ਼ ਨੂੰ ਹੋਰਨਾਂ ਮਾਲਾਂ ਵਿੱਚ ਤਬਦੀਲ ਹੋਣ ਦੀ ਸ਼ਰਤ ਰੱਖ ਕੇ ਟੇਢੇ ਢੰਗ ਨਾਲ ਨੌਕਰੀ ਤੋਂ ਫਾਰਗ ਕਰਨ ’ਤੇ ਲੱਗੀ ਹੋਈ ਹੈ।