ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 10 ਫਰਵਰੀ
ਪਿੰਡ ਜਲਾਲ ਵਾਸੀਆਂ ਨੇ ਕਿਸਾਨ ਅੰਦੋਲਨ ’ਚ ਲੋਕਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਕਰਵਾਉਣ ਲਈ ਕਮੇਟੀ ਦਾ ਗਠਨ ਕੀਤਾ ਹੈ। ਵੱਡੇ ਇਕੱਠ ਦੌਰਾਨ ਜਲਾਲ ਵਾਸੀਆਂ ਨੇ ਹਰ ਸੋਮਵਾਰ ਪਿੰਡ ਤੋਂ ਦਿੱਲੀ ਮੋਰਚੇ ਲਈ ਜਥਾ ਭੇਜਣ ਦਾ ਫ਼ੈਸਲਾ ਲਿਆ। ਇਸ ਮੌਕੇ ਪਿੰਡ ਦੇ ਗੁਰਦੁਆਰਾ ਤੀਰਥਸਰ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਕਿਸਾਨੀ ਮੋਰਚੇ ਲਈ ਇੱਕ ਲੱਖ ਰੁਪਏ, ਗੁਰਦੁਆਰਾ ਤ੍ਰਿਪਤਸਰ ਸਾਹਿਬ ਦੀ ਪ੍ਰਬੰਧਕੀ ਕਮੇਟੀ, ਗੁਰਦੁਆਰਾ ਅਰਾਮਸਰ ਸਾਹਿਬ ਅਤੇ ਵਿਵੇਕ ਆਸ਼ਰਮ ਗੁਰੂਸਰ ਜਲਾਲ ਨੇ 51-51 ਹਜ਼ਾਰ ਰੁਪਏ ਦੀ ਆਰਥਿਕ ਮਦਦ ਦਿੱਤੀ। ਇਨ੍ਹਾਂ ਸੰਸਥਾਵਾਂ ਦੇ ਪ੍ਰਬੰਧਕਾਂ ਸਵਾਮੀ ਬ੍ਰਹਮ ਮੁਨੀ, ਬਾਬਾ ਬਲਦੇਵ ਸਿੰਘ, ਪ੍ਰਧਾਨ ਮਲਕੀਤ ਸਿੰਘ ਅਤੇ ਭੋਲਾ ਸਿੰਘ ਨੇ ਇਹ ਰਾਸ਼ੀ ਪਿੰਡ ਦੀ ਕਿਸਾਨ ਕਮੇਟੀ ਨੂੰ ਸੌਂਪੀ। ਇਸੇ ਦੌਰਾਨ ਭਗਤਾ ਭਾਈ ਵਿੱਚ ਪ੍ਰਭਜੋਤ ਕੌਰ ਕੈਨੇਡਾ ਵੱਲੋਂ ਕਿਸਾਨੀ ਮੋਰਚੇ ਵਾਸਤੇ ਭੇਜੀ ਗਈ 11 ਹਜ਼ਾਰ ਰੁਪਏ ਦੀ ਆਰਥਿਕ ਮਦਦ ਉਨ੍ਹਾਂ ਦੇ ਪਿਤਾ ਰਾਜਾ ਸਿੰਘ ਸਿੱਧੂ ਨੇ ਕਿਸਾਨਾਂ ਨੂੰ ਭੇਟ ਕੀਤੀ।
ਸ਼ਹਿਣਾ (ਪ੍ਰਮੋਦ ਕੁਮਾਰ ਸਿੰਗਲਾ): ਬਲਾਕ ਸ਼ਹਿਣਾ ਦੇ ਪਿੰਡ ਸੁਖਪੁਰਾ ਵਿੱਚ ਹੋਈ ਬੈਠਕ ਦੌਰਾਨ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰੈੱਸ ਸਕੱਤਰ ਬਲਵੰਤ ਸਿੰਘ ਉੱਪਲੀ, ਸਾਹਿਬ ਸਿੰਘ ਬਡਬਰ, ਪਰਮਿੰਦਰ ਸਿੰਘ, ਗੁਰਮੀਤ ਸਿੰਘ, ਜਸਬੀਰ ਸਿੰਘ ਤੇ ਸਿਕੰਦਰ ਸਿੰਘ ਨੇ ਸੰਬੋਧਨ ਕੀਤਾ। ਇਸ ਮੌਕੇ ਪੰਚਾਇਤ ਸੁਖਪੁਰਾ ਵੱਲੋਂ ਫ਼ੈਸਲਾ ਕੀਤਾ ਗਿਆ ਕਿ ਹਰ ਹਫਤੇ ਦਸ-ਦਸ ਕਿਸਾਨਾਂ ਦਾ ਕਾਫਲਾ ਟਿਕਰੀ ਬਾਰਡਰ ਲਈ ਰਵਾਨਾ ਹੋਇਆ ਕਰੇਗਾ। ਕਿਸਾਨ ਅੰਦੋਲਨ ਲਈ ਪੰਚਾਇਤ ਨੇ 5100 ਰੁਪਏ, ਮਾਸਟਰ ਗੁਰਮੀਤ ਸਿੰਘ ਵੱਲੋਂ 5100 ਰੁਪਏ, ਗੁਰਬਚਨ ਸਿੰਘ, ਬੇਅੰਤ ਸਿੰਘ, ਚਮਕੌਰ ਸਿੰਘ, ਦਰਸ਼ਨ ਸਿੰਘ, ਡਾ. ਅਮਰਜੀਤ ਸਿੰਘ, ਜਰਨੈਲ ਸਿੰਘ ਨੇ 3100-3100 ਰੁਪਏ, ਮਨੀ ਕੈਨੇਡਾ ਵੱਲੋਂ 11000 ਰੁਪਏ ਦਾ ਯੋਗਦਾਨ ਪਾਇਆ ਗਿਆ।