ਪਰਸ਼ੋਤਮ ਬੱਲੀ
ਬਰਨਾਲਾ, 7 ਅਕਤੂਬਰ
ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਨੂੰਨਾਂ ਤੇ ਬਿਜਲੀ ਸੋਧ ਕਾਨੂੰਨ-2020 ਖਿਲਾਫ਼ ਸੂਬੇ ਅੰਦਰ 30 ਕਿਸਾਨ ਜਥੇਬੰਦੀਆਂ ਵੱਲੋਂ ਚਲਾਏ ਸੰਘਰਸ਼ ਦੀ ਹਮਾਇਤ ‘ਚ ਇਨਕਲਾਬੀ ਕੇਂਦਰ ਪੰਜਾਬ ਨੇ ਵੀ ਸੰਘਰਸ਼ੀ ਲਾਮਬੰਦੀ ਤੇ ਜਾਗਰੂਕਤਾ ਹਿੱਤ ਪਿੰਡਾਂ ‘ਚ ਸੱਥ-ਸੱਥ ਪੁੱਜ ਕੇ ਹਰ ਹੱਥ ਪੈਂਫਲਿਟ/ਪਰਚੇ ਵੰਡਣ ਦੀ ਮੁਹਿੰਮ ਵਿੱਢੀ ਹੈ।
ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾਈ ਪ੍ਰਧਾਨ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਸਮੁੱਚੇ ਮਾਲਵਾ, ਮਾਝਾ, ਦੋਆਬਾ ਖੇਤਰ ’ਚ ਹਜ਼ਾਰਾਂ ਦੀ ਗਿਣਤੀ ‘ਚ ਆਵਾਮ ਦੀ ‘ਰੋਹਲੀ ਗਰਜ ਕੋਨੇ-ਕੋਨੇ ‘ਚ ਫੈਲਾਅ ਦਿਓ’ ਸਿਰਲੇਖ ਵਾਲਾ ਪੈਂਫਲਿਟ/ਹੱਥ ਪਰਚਾ ਵੰਡ ਕੇ ਲੋਕਾਂ ਨੂੰ ਮੁੱਦਿਆਂ ਪ੍ਰਤੀ ਜਾਗਰੂਕ ਕਰਦਿਆਂ ਸੰਘਰਸ਼ਾਂ ਦੇ ਰਾਹ ਪੈਣ ਦਾ ਹੋਕਾ ਦਿੱਤਾ ਜਾ ਰਿਹਾ ਹੈ। ਇਹ ਪਰਚੇ ਮੋਗਾ, ਬਰਨਾਲਾ, ਜਗਰਾਉਂ, ਲੁਧਿਆਣਾ, ਮਾਨਸਾ, ਫਰੀਦਕੋਟ ਆਦਿ ਜ਼ਿਲ੍ਹਿਆਂ ‘ਚ ਵੰਡਣੇ ਸ਼ੁਰੂ ਹੋ ਗਏ ਹਨ।
ਆਗੂਆਂ ਨੇ ਕਿਹਾ ਕਿ ਮੋਦੀ ਹਕੂਮਤ ਵੱਲੋਂ ਮੁਲਕ ਦੇ ਖੇਤੀ ਅਰਥਚਾਰੇ ਨੂੰ ਬਰਬਾਦ ਕਰਨ ਲਈ ਤਿੰਨ ਕਾਨੂੰਨਾਂ ਖਿਲਾਫ ਪ੍ਰਚੰਡ ਹੋਈ ਲੋਕ ਰੋਹ ਨੂੰ ਇਨਕਲਾਬੀ ਸਹਾਰਾ ਦੇਣ ਦੀ ਲੋੜ ਹੈ। ਕਰੋਨਾ ਦੀ ਆੜ ਹੇਠ ਇਕੱਠਾਂ ‘ਤੇ ਲਾਈਆਂ ਪਾਬੰਦੀਆਂ ਨੂੰ ਦਰਕਿਨਾਰ ਕਰਦੇ ਹੋਏ ਲੋਕ ਸੰਘਰਸ਼ ਦੀ ਧਮਕ ਨੇ ਕੇਂਦਰ ਸਰਕਾਰ ਦੀਆਂ ਚੂਲਾਂ ਹਿਲਾ ਦਿੱਤੀਆਂ ਹਨ। ਆਗੂਆਂ ਨੇ ਕਿਹਾ ਕਿ ਖੇਤੀ ਖੇਤਰ ਦਾ ਉਜਾੜਾ ਸਿਰਫ਼ ਕਿਸਾਨੀ ਦਾ ਹੀ ਉਜਾੜਾ ਨਹੀਂ ਸਗੋਂ ਆੜ੍ਹਤੀਏ, ਹਰ ਤਰ੍ਹਾਂ ਦੇ ਦੁਕਾਨਦਾਰ ਅਤੇ ਕਿਰਤੀ ਕਾਮੇ ਵੀ ਇਨ੍ਹਾਂ ਨਾਲ ਪ੍ਰਭਾਵਿਤ ਹੋਣਗੇ। ਇਸ ਮੁਹਿੰਮ ਤਹਿਤ ਅੱਜ ਡਾ. ਰਾਜਿੰਦਰ ਪਾਲ ਦੀ ਅਗਵਾਈ ’ਚ ਪਿੰਡ ਕੁਰੜ, ਛਾਪਾ, ਹਰਦਾਸਪੁਰਾ, ਮਹਿਲਕਲਾਂ ਵਿੱਚ ਪਰਚੇ ਵੰਡੇ ਗਏ।