ਪੱਤਰ ਪ੍ਰੇਰਕ
ਮਾਨਸਾ, 12 ਅਗਸਤ
ਕੇਂਦਰ ਸਰਕਾਰ ਵੱਲੋਂ ਲਿਆਂਦੇ ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਮਾਨਸਾ ਦੇ ਰੇਲਵੇ ਸਟੇਸ਼ਨ ’ਤੇ ਲੱਗੇ ਪੱਕੇ ਮੋਰਚੇ ਦੇ 316ਵੇਂ ਦਿਨ ਸ਼ਹੀਦ ਬੀਬੀ ਕਿਰਨਜੀਤ ਕੌਰ ਮਹਿਲ ਕਲਾਂ ਦੀ 24ਵੀਂ ਬਰਸੀ ਮਨਾਈ ਗਈ।ਇਸ ਮੌਕੇ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨਾਂ ਮਜ਼ਦੂਰਾਂ ਔਰਤਾਂ ਇਕੱਠੇ ਹੋਕੇ ਸ਼ਹੀਦ ਬੀਬੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਸੰਘਰਸ਼ ਨੂੰ ਹੋਰ ਪ੍ਰਚੰਡ ਕਰਨ ਦਾ ਪ੍ਰਣ ਲਿਆ। ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਮੱਖਣ ਸਿੰਘ ਭੈਣੀਬਾਘਾ ਨੇ ਸ਼ਹੀਦ ਬੀਬੀ ਕਿਰਨਜੀਤ ਕੌਰ ਕਾਂਡ ਬਾਰੇ ਦੱਸਿਆ। ਇਸ ਮੌਕੇ ਕਿਸਾਨ ਆਗੂ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ 15 ਅਗਸਤ ਦੇ ਆਜ਼ਾਦੀ ਦਿਵਸ ਮੌਕੇ ਵਹੀਕਲਾਂ ਉਪਰ ਤਿਰੰਗੇ ਝੰਡੇ ਲਾ ਕੇ ਮਾਰਚ ਕੀਤਾ ਜਾਵੇਗਾ।
ਫ਼ਰੀਦਕੋਟ (ਨਿੱਜੀ ਪੱਤਰ ਪ੍ਰੇਰਕ): ਗੁਰਦੁਆਰਾ ਸਾਹਿਬ ਲੰਗਰ ਮਾਤਾ ਖੀਵੀ ਜੀ ਫ਼ਰੀਦਕੋਟ ਵੱਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਦਿੱਲੀ ਦੀਆਂ ਸਰਹੱਦਾਂ ’ਤੇ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਬੈਠੇ ਕਿਸਾਨਾਂ ਲਈ ਲੋੜੀਂਦੀਆਂ ਵਸਤਾਂ ਜਿਵੇਂ ਅੱਖਾਂ ਵਿੱਚ ਪਾਉਣ ਵਾਲੀ ਦਵਾਈ, ਅਮਿਊਨਿਟੀ ਬੂਸਟਰ, ਆਚਾਰ, ਮੱਛਰਦਾਨੀਆਂ, ਦਾਲਾਂ ਆਦਿ ਵੱਡੀ ਮਾਤਰਾ ਵਿੱਚ ਲੈ ਕੇ ਸੇਵਾਦਾਰਾਂ ਦੀ ਟੀਮ ਗੁਰਦੁਆਰੇ ਦੇ ਮੁੱਖ ਸੇਵਾਦਾਰ ਕੈਪਟਨ ਧਰਮ ਸਿੰਘ ਗਿੱਲ ਦੀ ਅਗਵਾਈ ਵਿੱਚ ਦਿੱਲੀ ਰਵਾਨਾ ਹੋਈ ਹੈ। ਗੁਰਦਿੱਤ ਸਿੰਘ ਸੇਖੋਂ ਅਤੇ ਹੈਪੀ ਬਰਾੜ ਨੇ ਕਿਹਾ ਕਿ ਜਦੋਂ ਵੀ ਕਿਸਾਨ ਮੋਰਚੇ ਵਿੱਚੋਂ ਉਨ੍ਹਾਂ ਤੋਂ ਕਿਸੇ ਵੀ ਚੀਜ਼ ਬਾਰੇ ਮੰਗ ਆਉਂਦੀ ਹੈ ਤਾਂ ਉਹ ਤੁਰੰਤ ਲੈ ਕੇ ਦਿੱਲੀ ਲਈ ਰਵਾਨਾ ਹੋ ਜਾਂਦੇ ਹਨ। ਇਸ ਮੌਕੇ ਕੈਪਟਨ ਧਰਮ ਸਿੰਘ ਗਿੱਲ, ਗੁਰਦਿੱਤ ਸਿੰਘ ਸੇਖੋਂ, ਸਿਮਰਨ ਸੰਧੂ ਹਾਜ਼ਰ ਸਨ।
ਬਰੇਟਾ (ਪੱਤਰ ਪ੍ਰੇਰਕ): ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਲਈ ਕਿਸਾਨਾਂ ਵੱਲੋਂ ਸਾਂਝਾ ਕਿਸਾਨ ਮੋਰਚਾ ਦੇ ਧਰਨੇ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿੱਚ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਪੈਟਰੋਲ ਪੰਪ ’ਤੇ ਧਰਨੇ ਲਗਾਏ ਜਾ ਰਹੇ ਹਨ ਅਤੇ ਇਨ੍ਹਾਂ ਧਰਨਿਆਂ ਵਿੱਚ ਮਹਿਲਾਵਾਂ ਦੀ ਗਿਣਤੀ ਵਧੇਰੇ ਸਰਗਰਮ ਹੁੰਦੀ ਜਾ ਰਹੀ ਹੈ। ਅੱਜ ਦੇ ਬੁਲਾਰਿਆਂ ਵਿੱਚ ਚਰਨਜੀਤ ਕੌਰ, ਪਰਜੀਤ ਕੌਰ, ਸੁਰਜੀਤ ਕੌਰ, ਅਮਰਜੀਤ ਕੌਰ, ਹਰਦੇਵ ਕੌਰ, ਤੇਜ ਕੌਰ, ਗੁਰਜੰਟ ਸਿੰਘ ਮਘਾਣੀਆਂ, ਛੱਜੂ ਸਿੰਘ, ਰੂਪ ਸਿੰਘ, ਤਾਰਾ ਚੰਦ ਬਰੇਟਾ ਸ਼ਾਮਲ ਸਨ |
ਆਜ਼ਾਦੀ ਦਿਹਾੜੇ ਮੌਕੇ ਟਰੈਕਟਰ ਮਾਰਚ ਕੱਢਣ ਦਾ ਐਲਾਨ
ਭਗਤਾ ਭਾਈ (ਪੱਤਰ ਪ੍ਰੇਰਕ): ਦਿੱਲੀ ਵਿਖੇ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਸੰਘਰਸ਼ ਪ੍ਰਤੀ ਕਿਸਾਨਾਂ ਨੂੰ ਲਾਮਬੰਦ ਕਰਨ ਲਈ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਬਲਾਕ ਭਗਤਾ ਭਾਈ ਦੀ ਮੀਟਿੰਗ ਪਿੰਡ ਜਲਾਲ ਦੇ ਗੁਰਦੁਆਰੇ ਵਿਚ ਹੋਈ। ਸੂਬਾ ਮੀਤ ਪ੍ਰਧਾਨ ਲਾਲ ਸਿੰਘ ਗੋਲੇਵਾਲਾ ਤੇ ਜਥੇਬੰਦੀ ਦੀ ਇਸਤਰੀ ਵਿੰਗ ਦੀ ਸੂਬਾ ਪ੍ਰਧਾਨ ਸੁਖਵਿੰਦਰ ਕੌਰ ਰਾਮਪੁਰਾ, ਸੂਬਾ ਕਮੇਟੀ ਮੈਂਬਰ ਬਲਵੰਤ ਮਹਿਰਾਜ ਨੇ ਦੱਸਿਆ ਕਿ ਬਲਾਕ ਭਗਤਾ ਭਾਈ ਦੀ ਜਥੇਬੰਦੀ ਵੱਲੋਂ ਆਜ਼ਾਦੀ ਦਿਹਾੜੇ ‘ਤੇ ਪਿੰਡ ਜਲਾਲ ਤੋਂ ਲੈ ਕੇ ਵੱਖ ਵੱਖ ਪਿੰਡਾਂ ‘ਚ ਟਰੈਕਟਰ ਮਾਰਚ ਕੱਢਿਆ ਜਾਵੇਗਾ ਜੋ ਕਿ ਫੂਲ ਵਿਖੇ ਚੱਲ ਰਹੇ ਧਰਨੇ ਵਿੱਚ ਸਮਾਪਤ ਹੋਵੇਗਾ।
ਕਿਸਾਨ ਸੰਘਰਸ਼ ਨੂੰ ਤੇਜ਼ ਕਰਨ ਸਬੰਧੀ ਕਿਸਾਨਾਂ ਦੀ ਮੀਟਿੰਗ
ਝੁਨੀਰ (ਪੱਤਰ ਪ੍ਰੇਰਕ): ਤਿੰਨ ਖੇਤੀ ਕਾਲੇ ਕਾਨੂੰਨਾਂ ਨੂੰ ਤੁਰੰਤ ਵਾਪਸ ਲੈਣ ਅਤੇ ਹੋਰ ਕਿਸਾਨ ਮਜ਼ਦੂਰ ਸਮੱਸਿਆਵਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਜੋ ਸੰਘਰਸ਼ ਦਿੱਲੀ ਦੇ ਬਾਰਡਰ ਵਿਖੇ ਚੱਲ ਰਿਹਾ ਹੈ ਉਸ ਨੂੰ ਹੋਰ ਤੇਜ਼ ਕਰਨ ਅਤੇ ਕਿਸਾਨ ਮਜ਼ਦੂਰਾਂ ਦੀ ਸ਼ਮੂਲੀਅਤ ਵਧਾਉਣ ਲਈ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਬਲਾਕ ਇਕਾਈ ਝੁਨੀਰ ਦੀ ਕਾਰਜਕਾਰਨੀ ਮੀਟਿੰਗ ਬਲਾਕ ਪ੍ਰਧਾਨ ਬਾਬੂ ਸਿੰਘ ਧਿੰਗੜ ਅਤੇ ਬਲਾਕ ਸਕੱਤਰ ਜਨਰਲ ਪਰਮਪ੍ਰੀਤ ਸਿੰਘ ਮਾਖਾ ਦੀ ਸਰਪ੍ਰਸਤੀ ਅਧੀਨ ਇੱਥੇ ਹੋਈ।ਮੀਟਿੰਗ ਵਿਚ ਸੂਬਾ ਇਕਾਈ ਦੇ ਮੀਤ ਪ੍ਰਧਾਨ ਕੁਲਦੀਪ ਸਿੰਘ ਚੱਕ ਭਾਈਕੇ, ਜ਼ਿਲ੍ਹਾ ਕਾਰਜਕਰਨੀ ਪ੍ਰਧਾਨ ਗੁਰਤੇਜ ਸਿੰਘ ਨੰਦਗੜ੍ਹ ਨੇ ਹਿੱਸਾ ਲਿਆ।