ਰਾਜਵਿੰਦਰ ਰੌਤਾ
ਨਿਹਾਲ ਸਿੰਘ ਵਾਲਾ,10 ਅਕਤੂਬਰ
ਇਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਇੰਦਰਮੋਹਨ ਪੱਤੋ ਅਤੇ ਸੁਖਮੰਦਰ ਸਿੰਘ ਰਣਸੀਂਹ ਦੀ ਅਗਵਾਈ ਹੇਠ ਕਿਸਾਨ ਮਜ਼ਦੂਰਾਂ ਤੇ ਹਮਦਰਦਾਂ ਵੱਲੋਂ ਨਿਹਾਲ ਸਿੰਘ ਵਾਲਾ ਸਥਿਤ ਰਿਲਾਇੰਸ ਤੇਲ ਪੰਪ ’ਤੇ ਲਗਾਇਆ ਗਿਆ ਦਿਨ ਰਾਤ ਦਾ ਧਰਨਾ ਚੌਥੇ ਦਿਨ ਵਿੱਚ ਸ਼ਾਮਲ ਹੋ ਗਿਆ। ਧਰਨਾਕਾਰੀਆਂ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਜਗਸੀਰ ਸਿੰਘ ਰੌਂਤਾ, ਡਾ. ਰਾਜਵੀਰ ਸਿੰਘ ਰੌਂਤਾ, ਬਲਜੀਤ ਗਰੇਵਾਲ, ਰੁਪਿੰਦਰ ਸਿੰਘ ਦਿਦਾਰੇਵਾਲਾ ,ਹਿੰਦਰੀ ਪੱਤੋੋ, ਮੇਜਰ ਸਿੰਘ ਮਾਨ, ਐਡਵੋਕੇਟ ਕੁਲਦੀਪ ਸਿੰਘ ਰੌਂਤਾ, ਮਹਿੰਦਰ ਕੌਰ ਆਂਗਨਵਾੜੀ ਪ੍ਰਧਾਨ, ਗੁਰਾ ਪੱਤੋ ਆਦਿ ਨੇ ਸੰਬੋਧਨ ਕੀਤਾ।
ਭੁੱਚੋ ਮੰਡੀ(ਪਵਨ ਗੋਇਲ): ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਖੇਤੀ ਕਨੂੰਨਾਂ ਖ਼ਿਲਾਫ਼ ਰਿਲਾਇੰਸ ਪੰਪ ਅੱਗੇ ਅਣਮਿਥੇ ਸਮੇਂ ਲਈ ਚੱਲ ਰਹੇ ਧਰਨੇ ਮੌਕੇ ਆਗੂ ਤੇਜਾ ਸਿੰਘ, ਕਰਮਜੀਤ ਸਿੰਘ, ਬਲਵੀਰ ਸਿੰਘ, ਲਖਵੀਰ ਸਿੰਘ, ਖੇਤਾ ਸਿੰਘ ਮਾਨ, ਰਾਮਪਾਲ ਸਿੰਘ ਅਤੇ ਇਨਕਲਾਬੀ ਕੇਂਦਰ ਦੇ ਸੂਬਾ ਕਮੇਟੀ ਮੈਂਬਰ ਜਗਜੀਤ ਸਿੰਘ ਲਹਿਰਾ ਨੇ ਸੰਬੋਧਨ ਕੀਤਾ।
ਜਲਾਲਾਬਾਦ (ਚੰਦਰ ਪ੍ਰਕਾਸ਼ ਕਾਲੜਾ): ਇਥੇ ਅੱਜ 10ਵੇਂ ਦਿਨ ਵੀ ਜ਼ਿਲ੍ਹੇ ’ਚ ਧਰਨੇ ਜਾਰੀ ਹਨ। ਅੱਜ ਧਰਨਿਆਂ ਦੌਰਾਨ ਜਲਾਲਾਬਾਦ ਤੋਂ ਫਿਰੋਜ਼ਪੁਰ ਰੋਡ ਮਾਹਮੂਜੋਈਆ ਟੌਲ-ਪਲਾਜ਼ਾ, ਰਿਲਾਇੰਸ ਪੰਪ ਜਲਾਲਾਬਾਦ, ਜਲਾਲਾਬਾਦ ਤੋਂ ਫਾਜ਼ਿਲਕਾ ਰੋਡ ਤੇ ਥੇਹ ਕਲੰਦਰ ਟੌਲ ਪਲਾਜ਼ਾ ’ਤੇ ਘਿਰਾਓ ਕਰਕੇ ਰਿਲਾਇੰਸ ਪੰਪ ’ਤੇ ਪੈਟਰੋਲ ਦੀ ਵਿਕਰੀ ਬੰਦ ਕੀਤੀ
ਬਰਨਾਲਾ (ਪਰਸ਼ੋਤਮ ਬੱਲੀ): ਇਥੇ ਸਥਾਨਕ ਰੇਲਵੇ ਸਟੇਸ਼ਨ ’ਤੇ ਡਟੇ ਕਿਸਾਨਾਂ ਨੇ 10ਵੇਂ ਦਿਨ ਵੀ ਰੇਲ ਦਾ ਪੱਹੀਆ ਡੱਕੀ ਰੱਖਿਆ। ਬੁਲਾਰਿਆਂ ’ਚ ਸ਼ਾਮਿਲ ਬੀਕੇਯੂ ਡਕੌਂਦਾ ਦੇ ਦਰਸ਼ਨ ਸਿੰਘ ਉਗੋਕੇ ਤੇ ਪਰਮਿੰਦਰ ਹੰਡਿਆਇਆ, ਭਾਕਿਯੂ ਰਾਜੇਵਾਲ ਦੇ ਨਿਰਭੈ ਸਿੰਘ ਗਿਆਨੀ, ਸਿੱਧੂਪੁਰ ਦੇ ਕਰਨੈਲ ਸਿੰਘ ਗਾਂਧੀ ਤੇ ਜਗਪਾਲ ਸਿੰਘ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਵਰਿੰਦਰ ਅਜ਼ਾਦ, ਕੁੱਲ ਹਿੰਦ ਕਿਸਾਨ ਸਭਾ ਦੇ ਮਾ. ਨਿਰੰਜਣ ਸਿੰਘ ਤੇ ਕੁੱਲ ਹਿੰਦ ਕਿਸਾਨ ਸਭਾ (ਸਾਂਬਰ) ਦੇ ਉਜਾਗਰ ਸਿੰਘ ਬੀਹਲਾ ਆਦਿ ਨੇ ਸੰਬੋਧਨ ਕੀਤਾ।
ਮੋਗਾ (ਮਹਿੰਦਰ ਸਿੰਘ ਰੱਤੀਆਂ): ਇਥੇ ਰੇਲਵੇ ਸਟੇਸ਼ਨ ਉੱਤੇ ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਰੇਲ ਰੋਕੋ ਅੰਦੋਲਨ ਤਹਿਤ 10ਵੇਂ ਦਿਨ ਵੀ ਧਰਨਾ ਜਾਰੀ ਰਿਹਾ। ਕੁੱਲ ਹਿੰਦ ਕਿਸਾਨ ਸਭਾ ਦੇ ਸੂਰਤ ਸਿੰਘ ਧਰਮਕੋਟ, ਬਲਵੰਤ ਸਿੰਘ ਬਹਿਰਾਮਕੇ ਬੀਕੇਯੂ ਜਨਰਲ ਸਕੱਤਰ ਪੰਜਾਬ, , ਬੀਕੇਯੂ ਕਾਦੀਆਂ ਦੇ ਗੁਲਜ਼ਾਰ ਸਿੰਘ ਘੱਲਕਲਾਂ ਕਿਰਤੀ ਕਿਸਾਨ ਯੂਨੀਅਨ ਦੇ ਪ੍ਰਗਟ ਸਿੰਘ ਸਾਫੂਵਾਲਾ, ਆਲ ਇੰਡੀਆ ਕਿਸਾਨ ਸਭਾ ਦੇ ਉਦੈ ਬਡੂਵਾਲ ਨੇ ਸੰਬੋਧਨ ਕੀਤਾ।
ਜ਼ੀਰਾ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੇ 31 ਜਥੇਬੰਦੀਆ ਦੇ ਸੱਦੇ ’ਤੇ ਅੰਮ੍ਰਿਤਸਰ-ਬਠਿੰਡਾ ਕੌਮੀ ਮਾਰਗ-54 ਜਾਮ ਕਰਕੇ ਮੋਦੀ ਸਰਕਾਰ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ। ਇਸ ਸਮੇਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਨੇ ਵੀ ਜਾਮ ਵਿੱਚ ਸ਼ਮੂਲੀਅਤ ਕੀਤੀ।
ਰੇਲ ਪਟੜੀਆਂ ’ਤੇ ਗੂੰਜੇ ਕਿਸਾਨਾਂ ਦੇ ਵਿਦਰੋਹੀ ਨਾਅਰੇ
ਜੈਤੋ(ਸ਼ਗਨ ਕਟਾਰੀਆ): ਕਿਸਾਨ ਅੰਦੋਲਨ ਦੇ ਅੱਜ ਦਸਵੇਂ ਦਿਨ ਵੀ ਜੈਤੋ ਅਤੇ ਰੋਮਾਣਾ ਅਲਬੇਲ ਸਿੰਘ ਦੀਆਂ ਰੇਲ ਪਟੜੀਆਂ ’ਤੇ ਹਕੂਮਤ ਵਿਰੋਧੀ ਨਾਅਰਿਆਂ ਅਤੇ ਭਾਸ਼ਨਾਂ ਦਾ ਦੌਰ ਭਖ਼ਦਾ ਰਿਹਾ। ਜੈਤੋ ’ਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਭਾਕਿਯੂ (ਸਿੱਧੂਪੁਰ), ਪੰਜਾਬ ਕਿਸਾਨ ਯੂਨੀਅਨ, ਭਾਕਿਯੂ (ਕ੍ਰਾਂਤੀਕਾਰੀ) ਅਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਦਿੱਤੇ ਜਾ ਰਹੇ ਧਰਨੇ ’ਚ ਖੁਲਾਸਾ ਕੀਤਾ ਗਿਆ ਕਿ 11 ਅਕਤੂਬਰ ਨੂੰ ਪੰਜਾਬੀ ਗਾਇਕ ਬਲਕਾਰ ਅਣਖ਼ੀਲਾ ਅਤੇ ਗੁਰਿੰਦਰ ਗਰੇਵਾਲ ਆਉਣਗੇ। ਕਿਸਾਨ ਆਗੂਆਂ ਨੇ ਦੱਸਿਆ ਕਿ ਬਰਨਾਲਾ ’ਚ ਹੋਣ ਵਾਲੀ 30 ਜਥੇਬੰਦੀਆਂ ਦੀ ਮੀਟਿੰਗ ਨਹੀਂ ਹੋ ਸਕੀ ਤੇ ਹੁਣ ਇਹ ਮਾਟਿੰਗ 13 ਅਕਤੂਬਰ ਨੂੰ ਹੋਵੇਗੀ।
ਕਿਸਾਨੀ ਘੋਲ ਨੂੰ ਵਿਦੇਸ਼ਾਂ ਵਿੱਚੋਂ ਵੀ ਹਮਾਇਤ
ਫ਼ਰੀਦਕੋਟ(ਨਿੱਜੀ ਪੱਤਰ ਪ੍ਰੇਰਕ): ਪਰਵਾਸੀ ਕਾਮਗਾਰ ਯੂਨੀਅਨ ਵੱਲੋਂ ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਭਾਰਤੀ ਕੌਂਸਲੇਟ ਦੇ ਦਫ਼ਤਰ ਸਾਹਮਣੇ ਕੀਤੇ ਜਾ ਰਹੇ ਰੋਸ ਮੁਜ਼ਾਹਰੇ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕੀਤਾ। ਕਿਰਤੀ ਕਿਸਾਨ ਯੂਨੀਅਨ ਦੇ ਆਗੂ ਨੇ ਕਿਹਾ ਕਿ ਪੰਜਾਬ ਸਮੇਤ ਦੇਸ਼ ਭਰ ਵਿੱਚ ਲੋਕ ਇਤਿਹਾਸਕ ਘੋਲ ਲੜ ਰਹੇ ਹਨ ਕਿਉਂਕਿ ਇਹ ਕਾਨੂੰਨ ਸਮੁੱਚੇ ਲੋਕਾਂ ਖ਼ਿਲਾਫ਼ ਹੈ। ਕਿਸਾਨ ਆਗੂ ਰਜਿੰਦਰ ਸਿੰਘ ਨੇ ਕਿਹਾ ਕਿ ਇਹ ਘੋਲ ਮਹਿਜ ਕਿਸਾਨੀ ਦੀਆਂ ਆਰਥਿਕ ਮੰਗਾਂ ਤੱਕ ਨਹੀਂ ਇਸਦਾ ਕਿਰਦਾਰ ਸਰਮਾਏਦਾਰੀ ਤੇ ਫਾਸ਼ੀਵਾਦੀ ਵਿਰੋਧੀ ਵੀ ਹੈ।